ਟੋਰਾਂਟੋ : ਕੈਨੇਡਾ ਦੇ ਸੂਬੇ ਓਂਟਾਰੀਓ ਵਿੱਚ ਇੱਕ ਵਾਰ ਮੁੜ ਤੋਂ ਕੋਰੋਨਾ ਦੇ ਕੇਸ ਜ਼ੋਰ ਫੜ ਰਹੇ ਹਨ। ਓਂਟਾਰੀਓ ਦੇ ਰੋਜ਼ਾਨਾ ਕੋਵਿਡ-19 ਕੇਸਾਂ ਦੀ ਗਿਣਤੀ ਕਰੀਬ ਢਾਈ ਮਹੀਨਿਆਂ ਤੋਂ ਬਾਅਦ ਅਚਾਨਕ ਵਧਦੀ ਜਾ ਰਹੀ ਹੈ। ਅਧਿਕਾਰੀਆਂ ਨੇ ਐਤਵਾਰ ਨੂੰ 722 ਕੇਸ ਅਤੇ ਦੋ ਹੋਰ ਮੌਤਾਂ ਦੀ ਰਿਪੋਰਟ ਕੀਤੀ ਹੈ।
ਨਵੇਂ ਕੇਸਾਂ ਦੀ ਸੱਤ ਦਿਨਾਂ ਦੀ ਰੋਲਿੰਗ ਔਸਤ ਹੁਣ 564 ਹੋ ਗਈ ਹੈ, ਜੋ ਬੀਤੇ ਕੱਲ੍ਹ 534 ਸੀ। ਸ਼ਨੀਵਾਰ ਨੂੰ ਓਂਟਾਰੀਓ ਵਿੱਚ 689 ਨਵੇਂ ਕੋਵਿਡ-19 ਕੇਸ ਅਤੇ ਸ਼ੁੱਕਰਵਾਰ ਨੂੰ 650 ਮਾਮਲੇ ਸਾਹਮਣੇ ਆਏ ਸਨ ।
ਪਿਛਲੀ ਵਾਰ ਪ੍ਰਾਂਤ ਵਿੱਚ ਰੋਜ਼ਾਨਾ ਕੋਵਿਡ-19 ਕੇਸਾਂ ਦੀ ਵੱਡੀ ਗਿਣਤੀ 5 ਜੂਨ ਨੂੰ ਰਿਪੋਰਟ ਕੀਤੀ ਗਈ ਸੀ ਜਦੋਂ 774 ਕੇਸ ਦਰਜ ਕੀਤੇ ਗਏ ਸਨ ।
ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਕਿਹਾ ਕਿ ਐਤਵਾਰ ਦੇ 522 ਕੇਸਾਂ ਵਿੱਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਜਾਂ ਤਾਂ ਵੈਕਸੀਨੇਸ਼ਨ ਨਹੀਂ ਕਰਵਾਈ ਸੀ ਜਾਂ ਫ਼ਿਰ ਵੈਕਸੀਨ ਦੀ ਸਿਰਫ਼ ਇੱਕ ਹੀ ਖ਼ੁਰਾਕ ਲਈ ਸੀ ਜਾਂ ਟੀਕਾਕਰਣ ਦੀ ਸਥਿਤੀ ਅਣਜਾਣ ਸੀ।
ਐਤਵਾਰ ਦੇ 158 ਕੇਸਾਂ ਵਿੱਚ ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਵਿਅਕਤੀ ਵੀ ਸ਼ਾਮਲ ਹਨ।
ਟੋਰਾਂਟੋ ਵਿੱਚ 170 ਨਵੇਂ ਕੋਵਿਡ-19 ਕੇਸ ਸਾਹਮਣੇ ਆਏ, ਜੋ ਕਿ 8 ਜੂਨ ਤੋਂ ਬਾਅਦ ਇਸਦੀ ਸਭ ਤੋਂ ਵੱਧ ਰੋਜ਼ਾਨਾ ਗਿਣਤੀ ਹੈ।
ਪੀਲ ਖੇਤਰ ਵਿੱਚ 63 ਨਵੇਂ ਮਾਮਲੇ, ਯੌਰਕ ਖੇਤਰ ਵਿੱਚ 70 ਅਤੇ ਡਰਹਮ ਖੇਤਰ ਵਿੱਚ 39 ਨਵੇਂ ਮਾਮਲੇ ਸਾਹਮਣੇ ਆਏ ਹਨ।
ਹੈਮਿਲਟਨ ਵਿੱਚ 101 ਅਤੇ ਹਾਲਟਨ ਖੇਤਰ ਵਿੱਚ 22 ਮਾਮਲੇ ਸਾਹਮਣੇ ਆਏ ਹਨ।