ਪੰਜਾਬ ਦੇ 70 ਲਾਪਤਾ ਵਿਅਕਤੀ ਦਿੱਲੀ ਦੀਆਂ ਜੇਲਾਂ ‘ਚ, 14 ਬਾਰੇ ਪਤਾ ਲੱਗਿਆ ਅਤੇ ਬਾਕੀ 5 ਦੀ ਭਾਲ ਜਾਰੀ: ਕੈਪਟਨ

TeamGlobalPunjab
2 Min Read

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਕੌਮੀ ਰਾਜਧਾਨੀ ਅੰਦਰ ਗਣਤੰਤਰ ਦਿਵਸ ਮੌਕੇ ਵਾਪਰੀਆਂ ਹਿੰਸਕ ਘਟਨਾਵਾਂ ਦੇ ਸਮੇਂ ਤੋਂ ਲੈ ਕੇ ਪੰਜਾਬ ਦੇ ਲਾਪਤਾ ਹੋਏ ਵਿਅਕਤੀਆਂ ਵਿੱਚੋਂ 70 ਦਿੱਲੀ ਦੀਆਂ ਜੇਲਾਂ ਵਿੱਚ ਹਨ ਜਦਕਿ ਬਾਕੀ 19 ਵਿੱਚੋਂ 14 ਦਾ ਪਤਾ ਲਗਾਇਆ ਜਾ ਚੁੱਕਾ ਹੈ।

ਮੁੱਖ ਮੰਤਰੀ, ਜਿਨਾਂ ਵੱਲੋਂ ਬੀਤੇ ਕੱਲ ਇਸ ਸਬੰਧੀ ਪੰਜਾਬ ਦੇ ਨਾਗਰਿਕਾਂ ਵੱਲੋਂ ਸ਼ਿਕਾਇਤਾਂ ਦਰਜ ਕਰਾਉਣ ਲਈ ਹੈਲਪਲਾਇਨ ਨੰ. 112 ਜਾਰੀ ਕੀਤਾ ਗਿਆ ਸੀ, ਨੇ ਸਰਬਪਾਰਟੀ ਮੀਟਿੰਗ ਦੌਰਾਨ ਦੱਸਿਆ ਕਿ ਪ੍ਰਾਪਤ ਹੋਈ ਸੂਚਨਾ ਅਨੁਸਾਰ ਪੰਜਾਬ ਦੇ 5 ਵਿਅਕਤੀ ਹਾਲੇ ਵੀ ਲਾਪਤਾ ਹਨ। ਉਨਾਂ ਦੱਸਿਆ ਕਿ ਇਨਾਂ ਵਿਅਕਤੀਆਂ ਦੀ ਭਾਲ ਲਈ ਹਰ ਤਰਾਂ ਦੇ ਯਤਨ ਕੀਤੇ ਜਾ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਮੁਫ਼ਤ ਕਾਨੂੰਨੀ ਸਹਾਇਤਾ ਲਈ ਐਡਵੋਕੇਟ ਜਨਰਲ ਅਤੁਲ ਨੰਦਾ ਵੱਲੋਂ ਤਾਇਨਾਤ ਵਕੀਲਾਂ ਦੀ 70 ਮੈਂਬਰੀ ਟੀਮ ਵੱਲੋਂ ਜੇਲਾਂ ਵਿੱਚ ਇਨਾਂ ਵਿਅਕਤੀਆਂ ਅਤੇ ਜਿਨਾਂ ਖ਼ਿਲਾਫ ਦਿੱਲੀ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਗਏ ਹਨ, ਤੱਕ ਪਹੁੰਚ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਦਿੱਲੀ ਦੀਆਂ ਹੱਦਾਂ ‘ਤੇ ਦੋ ਮਹੀਨੇ ਤੋਂ ਜਿਆਦਾ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਪਿੱਛੇ ਉਨਾਂ ਦੇ ਪਰਿਵਾਰਾਂ ਲਈ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।ਉਨਾਂ ਨਾਲ ਹੀ ਕਿਹਾ ਕਿ ਕਿਸਾਨਾਂ ਦੀ ਪੰਜਾਬ ਵਿਚਲੇ ਉਨਾਂ ਦੇ ਘਰਾਂ ਵਿੱਚ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਉਨਾਂ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਅੰਦੋਲਨ ਦੌਰਾਨ ਕਿਸਾਨਾਂ ਖ਼ਿਲਾਫ ਦਰਜ ਕੀਤੇ 170 ਕੇਸ ਵਾਪਸ ਲੈ ਲਏ ਜਾ ਰਹੇ ਹਨ।

Share This Article
Leave a Comment