ਪਲਵਲ: ਇੱਕ ਪੁਰਾਣੀ ਕਹਾਵਤ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ। ਪਲਵਲ, ਹਰਿਆਣਾ ਤੋਂ ਲਵ ਮੈਰਿਜ ਦਾ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇੱਕ 19 ਸਾਲਾ ਲੜਕੀ ਨੂੰ 67 ਸਾਲਾ ਵਿਅਕਤੀ ਨਾਲ ਪਿਆਰ ਹੋ ਗਿਆ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ ਹੈ।
ਦੋਵੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab And Haryana High Court) ਪਹੁੰਚੇ ਅਤੇ ਖੁਦ ਨੂੰ ਪਤੀ-ਪਤਨੀ ਦੱਸ ਕੇ ਆਪਣੇ ਪਰਿਵਾਰਾਂ ਤੋਂ ਜਾਨ ਦਾ ਖ਼ਤਰਾ ਦੱਸ ਕੇ ਸੁਰੱਖਿਆ ਮੰਗੀ ਹੈ । ਹੈਰਾਨੀ ਦੀ ਗੱਲ ਹੈ ਕਿ 67 ਸਾਲਾ ਸਖ਼ਸ਼ ਦੇ ਸੱਤ ਬੱਚੇ ਹਨ ਅਤੇ ਸਾਰੇ ਵਿਆਹੇ ਹੋਏ ਹਨ, ਜਦਕਿ ਲੜਕੀ ਵੀ ਪਹਿਲਾਂ ਤੋਂ ਸ਼ਾਦੀਸ਼ੁਦਾ ਹੈ। ਅਦਾਲਤ ਨੇ ਬਜ਼ੁਰਗ ਦੀਆਂ ਗੱਲਾਂ ਸੁਣਨ ਤੋਂ ਬਾਅਦ ਹੈਰਾਨੀ ਵੀ ਪ੍ਰਗਟ ਕੀਤੀ ਅਤੇ ਹਰਿਆਣਾ ਪੁਲਿਸ ਨੂੰ ਦੋਵਾਂ ਦੀ ਸੁਰੱਖਿਆ ਦੇ ਆਦੇਸ਼ ਦਿੱਤੇ। ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਨੂੰ ਇਸ ਮਾਮਲੇ ਦੀ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਦੋਵਾਂ ਨੇ ਕਿਸ ਹਾਲਾਤ ਵਿੱਚ ਵਿਆਹ ਕੀਤਾ ਸੀ।
ਉਪ ਪੁਲਿਸ ਕਪਤਾਨ (ਡੀਐਸਪੀ) ਰਤਨਦੀਪ ਬਾਲੀ ਨੇ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਪਿੰਡ ਵਿੱਚ ਜ਼ਮੀਨੀ ਵਿਵਾਦ ਸੀ ਅਤੇ ਵਿਆਹ ਕਰਨ ਵਾਲਾ ਬਜ਼ੁਰਗ ਵਿਅਕਤੀ ਇੰਨਾ ਦੀ ਮਦਦ ਕਰਨ ਜਾਂਦਾ ਸੀ। ਇਸ ਦੌਰਾਨ ਇਨ੍ਹਾਂ ਦੋਵਾਂ (ਬਜ਼ੁਰਗ ਆਦਮੀ ਅਤੇ ਲੜਕੀ) ਵਿਚਕਾਰ ਸੰਪਰਕ ਹੋਇਆ।
ਡੀਐਸਪੀ ਨੇ ਦੱਸਿਆ ਕਿ ਹਥੀਨ ਦੇ ਹੰਚਪੁਰੀ ਪਿੰਡ ਦੇ 67 ਸਾਲਾ ਵਿਅਕਤੀ ਨੇ ਨੂਹ ਜ਼ਿਲ੍ਹੇ ਦੇ ਇੱਕ ਪਿੰਡ ਦੀ 19 ਸਾਲਾ ਲੜਕੀ ਨਾਲ ਵਿਆਹ ਕੀਤਾ ਸੀ। ਜੋੜੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਹੈ ਕਿ ਸਾਨੂੰ ਲੜਕੀ ਦੇ ਪਰਿਵਾਰ ਤੋਂ ਜਾਨ ਦਾ ਖਤਰਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਾਈ ਕੋਰਟ ਤੋਂ ਆਦੇਸ਼ ਮਿਲਿਆ ਹੈ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਵਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। ਇਸਦੇ ਨਾਲ, ਇਹ ਵੀ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਇਹ ਵਿਆਹ ਕਿਨ੍ਹਾਂ ਹਾਲਾਤਾਂ ਵਿੱਚ ਹੋਇਆ ਸੀ।ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ, ਹਾਈ ਕੋਰਟ ਨੇ ਪਲਵਲ ਐਸਪੀ ਨੂੰ ਮਹਿਲਾ ਪੁਲਿਸ ਕਰਮਚਾਰੀਆਂ ਦੀ ਇੱਕ ਟੀਮ ਗਠਿਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।