ਅਮਰੀਕਾ ‘ਚ 64 ਸਾਲਾ ਪੰਜਾਬੀ ਤੇ ਲੱਗੇ ਆਪਣੇ ਮੁਲਾਜ਼ਮ ਨੂੰ ਠੱਗਣ ਦੇ ਦੋਸ਼

TeamGlobalPunjab
2 Min Read

ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸੂਬੇ ‘ਚ 64 ਸਾਲ ਦੇ ਜਰਨੈਲ ਸਿੰਘ ਵਿਰੁੱਧ ਆਪਣੇ 18 ਮੁਲਾਜ਼ਮਾਂ ਨਾਲ ਅਣਮਨੁੱਖੀ ਸਲੂਕ ਕਰਨ ਅਤੇ ਠੱਗੀ ਮਾਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਬਰੈਂਟਵੁੱਡ ਵਿਖੇ ਸਥਿਤ ਗੈਸ ਸਟੇਸ਼ਨ ਦੇ ਮਾਲਕ ਜਰਨੈਲ ਸਿੰਘ ਤੇ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਅਫ਼ਸਰਾਂ ਦੇ ਹਵਾਲੇ ਕਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵੀ ਲੱਗੇ ਹਨ।

ਰਿਪੋਰਟਾਂ ਮੁਤਾਬਕ ਜਰਨੈਲ ਸਿੰਘ ਦੇ ਗੈਸ ਸਟੇਸ਼ਨ ‘ਤੇ ਕੰਮ ਕਰਨ ਵਾਲਿਆਂ ‘ਚੋਂ ਜ਼ਿਆਦਾਤਰ ਪੰਜਾਬੀ ਸਨ। ਜ਼ਿਲ੍ਹਾ ਅਟਾਰਨੀ ਟਿਮੋਥੀ ਸਿਨੀ ਨੇ ਦੱਸਿਆ ਕਿ ਵੈਸਟ ਹੈਂਪਸਟਡ ਦੇ ਵਸਨੀਕ ਜਰਨੈਲ ਸਿੰਘ ਨੂੰ ਕਿਰਤ ਕਾਨੂੰਨਾਂ ਦੀ ਉਲੰਘਣਾ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਬਾਅਦ ਵਿਚ ਜ਼ਮਾਨਤ ਦੇ ਦਿੱਤੀ ਗਈ।

MH One ਐਂਟਰਪ੍ਰਾਇਜ਼ਿਜ਼ ਦੇ ਮਾਲਕ ਵਿਰੁੱਧ ਲੱਗੇ ਦੋਸ਼ਾਂ ਮੁਤਾਬਕ ਉਸ ਨੇ ਆਪਣੇ ਕਈ ਮੁਲਾਜ਼ਮਾਂ ਨੂੰ ਸਿਰਫ਼ 3.30 ਡਾਲਰ ਪ੍ਰਤੀ ਘੰਟਾ ਅਦਾ ਕੀਤਾ ਜਦਕਿ ਓਵਰਟਾਈਮ ਦੀ ਕੋਈ ਅਦਾਇਗੀ ਨਾ ਕੀਤੀ। ਜਰਨੈਲ ਸਿੰਘ ਆਪਣੇ ਮੁਲਾਜ਼ਮਾਂ ਤੋਂ ਕਥਿਤ ਤੌਰ ‘ਤੇ ਇਕ ਹਫਤੇ ਵਿਚ 100 ਘੰਟੇ ਤੱਕ ਕੰਮ ਵੀ ਕਰਵਾਉਂਦਾ ਅਤੇ ਇਨਕਾਰ ਕਰਨ ਵਾਲੇ ਮੁਲਾਜ਼ਮਾਂ ਨੂੰ ਇਮੀਗ੍ਰੇਸ਼ਨ ਅਫਸਰਾਂ ਦੇ ਹਵਾਲੇ ਕਰਨ ਦੀਆਂ ਧਮਕੀਆਂ ਦਿਤੀਆਂ ਜਾਂਦੀਆਂ।

ਉਧਰ ਸਰਕਾਰੀ ਵਕੀਲਾ ਨੇ ਇਕ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਰਨੈਲ ਸਿੰਘ ਨੇ ਮੁਲਾਜ਼ਮ ਦਾ ਪਾਸਪੋਰਟ ਆਪਣੇ ਕੋਲ ਰੱਖ ਲਿਆ ਅਤੇ ਵਾਪਸ ਮੰਗਣ ਦੀ ਸੂਰਤ ਵਿਚ ਇਮੀਗ੍ਰੇਸ਼ਨ ਅਫ਼ਸਰਾਂ ਨੂੰ ਫੋਨ ਕਰਨ ਦੀ ਧਮਕੀ ਦਿੱਤੀ। ਇਸ ਤੋਂ ਇਲਾਵਾ ਬੇਰੁਜ਼ਗਾਰੀ ਬੀਮਾ ਫੰਡ ਵਿਚ ਯੋਗਦਾਨ ਪਾਉਣ ਤੋਂ ਬਚਣ ਖ਼ਾਤਰ ਜਰਨੈਲ ਸਿੰਘ ਨੇ ਝੂਠੇ ਦਸਤਾਵੇਜ਼ ਜਮਾਂ ਕਰਵਾਏ।

- Advertisement -

ਨਿਊਯਾਰਕ ਦੇ ਕਿਰਤ ਵਿਭਾਗ ਦੇ ਕਮਿਸ਼ਨਰ ਰੌਬਰਟਾ ਰੀਅਰਡਨ ਨੇ ਕਿਹਾ ਕਿ ਇਸ ਮਾਮਲੇ ਵਿਚ ਨਾ ਸਿਰਫ਼ ਲੋਕਾਂ ਨੂੰ ਬਣਦੀ ਕਮਾਈ ਤੋਂ ਵਾਂਝਾ ਰੱਖਿਆ ਗਿਆ ਸਗੋਂ ਉਨ੍ਹਾਂ ਨਾਲ ਅਣਮਨੁੱਖੀ ਸਲੂਕ ਵੀ ਕੀਤਾ ਗਿਆ। ਦੋਸ਼ੀ ਠਹਿਰਾਏ ਜਾਣ ‘ਤੇ ਜਰਨੈਲ ਸਿੰਘ ਨੂੰ ਦੋ ਸਾਲ ਤੋਂ ਵੱਧ ਸਜ਼ਾ ਹੋ ਸਕਦੀ ਹੈ ਜਿਸ ਦੀ ਅਦਾਲਤ ਵਿਚ ਅਗਲੀ ਪੇਸ਼ੀ 28 ਜਨਵਰੀ ਨੂੰ ਹੋਵੇਗੀ।

Share this Article
Leave a comment