ਵਾਸ਼ਿੰਗਟਨ: ਕੋਰਾਨਾ ਸੰਕਰਮਣ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਿਊਯਾਰਕ ਦੇ ਬਰੁਕਲਿਨ ਦੇ ਫ਼ਲੈਟਲੈਂਡ ਸਥਿਤ ਯੂਟਿਕਾ ਐਵੇਨਿਊ ਵਿੱਚ ਪੁਲਿਸ ਨੂੰ ਦੋ ਟਰੱਕਾਂ ‘ਚੋਂ ਲਗਭਗ 60 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।
ਆਸ- ਪਾਸ ਦੇ ਲੋਕਾਂ ਨੇ ਦੱਸਿਆ ਕਿ ਇਹ ਟਰੱਕ ਕਈ ਦਿਨਾਂ ਤੋਂ ਇੱਥੇ ਖੜੇ ਸਨ ਅਤੇ ਹੁਣ ਇਨ੍ਹਾਂ ‘ਚੋਂ ਬਦਬੂ ਆਉਣ ਲੱਗੀ ਸੀ. ਬਦਬੂ ਆਉਣ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਫੋਨ ਕਰਕੇ ਸ਼ਿਕਾਇਤ ਕੀਤੀ। ਫ਼ਿਲਹਾਲ ਪੁਲਿਸ ਨੇ ਮੌਤਾਂ ਦੀ ਵਜ੍ਹਾ ਨਹੀਂ ਦੱਸੀ ਹੈ ਪਰ ਕੋਰੋਨਾ ਸੰਕਰਮਣ ਦਾ ਸ਼ੱਕ ਵੀ ਸਾਫ਼ ਕੀਤਾ ਜਾ ਰਿਹਾ ਹੈ।
ਪੁਲਿਸ ਨੇ ਦੱਸਿਆ ਕਿ ਦੋ ਟਰੱਕਾਂ ‘ਚੋਂ 60 ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਦੋਵੇਂ ਰੇਫਰਿਜਰੇਟੇਡ ਟਰੱਕ ਨਹੀਂ ਸਨ ਇਸ ਲਈ ਲਾਸ਼ਾਂ ਸੜਨੀ ਸ਼ੁਰੂ ਹੋ ਗਈਆਂ ਸਨ। ਇਹ ਦੋਵੇਂ ਟਰੱਕ ਐਂਡਰਿਊ ਕਲੇਕਲੀ ਫਿਊਨਰਲ ਸਰਵਿਸ ਦੇ ਬਾਹਰ ਖੜੇ ਕੀਤੇ ਗਏ ਸਨ। ਟਰੱਕ ਦੇ ਕੋਲ ਮੌਜੂਦ ਦੁਕਾਨ ਦੇ ਮਾਲਿਕ ਨੇ ਦੱਸਿਆ ਕਿ ਸਾਨੂੰ ਕੱਲ ਤੋਂ ਬਦਬੂ ਆਉਣ ਲੱਗੀ ਸੀ ਪਰ ਜਦੋਂ ਅਸੀਂ ਵੇਖਿਆ ਕਿ ਟਰੱਕ ‘ਚੋਂ ਖੂਨ ਵੀ ਟਪਕ ਰਿਹਾ ਹੈ ਤਾਂ ਪੁਲਿਸ ਨੂੰ ਫੋਨ ਕਰਕੇ ਬੁਲਾਇਆ ਗਿਆ।
ਪੁਲਿਸ ਨੂੰ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਇਨ੍ਹਾਂ ਲਾਸ਼ਾਂ ਨੂੰ ਸ਼ਮਸ਼ਾਨਘਾਟ ਲਿਜਾਇਆ ਜਾਣਾ ਸੀ, ਪਰ ਉਨ੍ਹਾਂ ਨੂੰ ਅੰਤਮ ਸੰਸਕਾਰ ਘਰ ਦੇ ਬਾਹਰ ਛੱਡ ਦਿੱਤਾ ਗਿਆ ਸੀ। ਪੁਲਿਸ ਦੇ ਮੁਤਾਬਕ ਇਨ੍ਹਾਂ ਦੋਨਾਂ ਟਰੱਕਾਂ ਦੇ ਕੋਲ ਇੱਕ ਤੀਜਾ ਟਰੱਕ ਵੀ ਮਿਲਿਆ ਹੈ, ਜਿਸ ਵਿੱਚ ਇਹਨਾਂ ਲਾਸ਼ਾਂ ਨੂੰ ਦਫ਼ਨਾਉਣ ਲਈ ਤਾਬੂਤ ਰੱਖੇ ਗਏ ਸਨ।