ਚੰਡੀਗੜ੍ਹ : ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਨੇ ਰੇਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੇਂਦਰੀ ਬਜਟ ’ਚ ਪੰਜਾਬ ਨੂੰ 5,421 ਕਰੋੜ ਰੁਪਏ ਅਤੇ ਹਰਿਆਣਾ ਨੂੰ 3,416 ਕਰੋੜ ਰੁਪਏ ਅਲਾਟ ਕੀਤੇ ਹਨ। ਰੇਲ ਮੰਤਰੀ ਨੇ ਵੀਡੀਉ ਕਾਨਫਰੰਸਿੰਗ ਰਾਹੀਂ ਕਿਹਾ ਕਿ ਇਸ ਸਾਲ ਪੰਜਾਬ ਨੂੰ 2009-2014 (225 ਕਰੋੜ ਰੁਪਏ) ਤੋਂ 24 ਗੁਣਾ ਵੱਧ ਰਕਮ ਦਿਤੀ ਗਈ ਹੈ। ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ 2009 ਤੋਂ 2014 ਦੇ ਵਿਚਕਾਰ ਅਪਣੇ ਰੇਲਵੇ ਪ੍ਰਾਜੈਕਟਾਂ ਲਈ 315 ਕਰੋੜ ਰੁਪਏ ਮਿਲੇ ਸਨ ਅਤੇ ਇਸ ਸਾਲ ਅਲਾਟਮੈਂਟ ਇਸ ਤੋਂ 11 ਗੁਣਾ ਵੱਧ ਹੈ।
ਵੈਸ਼ਣਵ ਨੇ ਕਿਹਾ ਕਿ ਪੰਜਾਬ ’ਚ 1122 ਕਰੋੜ ਰੁਪਏ ਦੀ ਲਾਗਤ ਨਾਲ 30 ਅੰਮ੍ਰਿਤ ਸਟੇਸ਼ਨ ਵਿਕਸਤ ਕੀਤੇ ਜਾ ਰਹੇ ਹਨ ਅਤੇ ਹਰਿਆਣਾ ’ਚ 1149 ਕਰੋੜ ਰੁਪਏ ਦੀ ਲਾਗਤ ਨਾਲ 34 ਅੰਮ੍ਰਿਤ ਸਟੇਸ਼ਨ ਵਿਕਸਤ ਕੀਤੇ ਜਾ ਰਹੇ ਹਨ। ਪੰਜਾਬ ’ਚ ਅਬੋਹਰ, ਅੰਮ੍ਰਿਤਸਰ, ਆਨੰਦਪੁਰ ਸਾਹਿਬ, ਬਿਆਸ, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਰ ਕੈਂਟ, ਮਾਨਸਾ ਅਤੇ ਮਲੇਰਕੋਟਲਾ ਸਮੇਤ ਹੋਰ ਥਾਵਾਂ ’ਤੇ ਅੰਮ੍ਰਿਤ ਸਟੇਸ਼ਨ ਵਿਕਸਤ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਹਰਿਆਣਾ ’ਚ ਅੰਬਾਲਾ ਕੈਂਟ, ਅੰਬਾਲਾ ਸਿਟੀ, ਬਹਾਦਰਗੜ੍ਹ, ਬੱਲਭਗੜ੍ਹ, ਭਿਵਾਨੀ ਜੰਕਸ਼ਨ, ਚਰਖੀ ਦਾਦਰੀ, ਫਰੀਦਾਬਾਦ, ਫਰੀਦਾਬਾਦ ਨਿਊ ਟਾਊਨ, ਗੋਹਾਨਾ, ਹਾਂਸੀ, ਹਿਸਾਰ, ਹੋਡਲ, ਜੀਂਦ ਜੰਕਸ਼ਨ, ਕਾਲਾਂਵਾਲੀ, ਕਾਲਕਾ, ਕਰਨਾਲ, ਕੋਸਲੀ, ਕੁਰੂਕਸ਼ੇਤਰ ਜੰਕਸ਼ਨ, ਲੋਹਾਰੂ, ਮਹਿੰਦਰਗੜ੍ਹ ’ਚ ਅੰਮ੍ਰਿਤ ਸਟੇਸ਼ਨ ਹੋਵੇਗਾ। ਮੰਤਰੀ ਨੇ ਕਿਹਾ ਕਿ ਸੁਰੱਖਿਆ ’ਤੇ ਧਿਆਨ ਕੇਂਦਰਿਤ ਕਰਦਿਆਂ ਬਜਟ ’ਚ ਇਸ ਸਾਲ ਖਰਚ ਲਈ 1,16,000 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਪੁਰਾਣੇ ਟਰੈਕਾਂ ਅਤੇ ਕਾਵਚ ਸੁਰੱਖਿਆ ਪ੍ਰਣਾਲੀ ਨੂੰ ਅਪਗ੍ਰੇਡ ਕਰਨ ਲਈ ਮਿਸ਼ਨ ਮੋਡ ’ਚ ਕੰਮ ਕੀਤਾ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਹਰਿਆਣਾ ਲਈ ਇਹ ਅਲਾਟਮੈਂਟ ਸੂਬੇ ’ਚ ਰੇਲ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਵੇਗੀ।
ਸਾਲ 2014 ਤੋਂ ਲੈ ਕੇ ਹੁਣ ਤਕ ਪੰਜਾਬ ’ਚ 382 ਕਿਲੋਮੀਟਰ ਨਵੇਂ ਟਰੈਕ ਸਥਾਪਤ ਕੀਤੇ ਗਏ ਹਨ ਜੋ ਕਿ ਫਿਲੀਪੀਨਜ਼ ਦੇ ਪੂਰੇ ਰੇਲ ਨੈੱਟਵਰਕ ਤੋਂ ਵੱਧ ਹਨ ਜਦਕਿ ਹਰਿਆਣਾ ’ਚ 823 ਕਿਲੋਮੀਟਰ ਰੇਲਵੇ ਟਰੈਕ ਵਿਛਾਇਆ ਗਿਆ ਹੈ, ਜੋ ਕਿ ਸੰਯੁਕਤ ਅਰਬ ਅਮੀਰਾਤ ਦੇ ਪੂਰੇ ਰੇਲ ਨੈੱਟਵਰਕ ਦੇ ਲਗਭਗ ਬਰਾਬਰ ਹੈ।