ਬਾਗਪਤ: ਅਜਕਲ ਇਨਸਾਨੀਅਤ ਐਨੀ ਗਿਰ ਜਾਏਗੀ ਇਹ ਕਦੀ ਸੋਚਿਆ ਨਹੀਂ ਸੀ। ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਥੇ ਲੋਕ ਕੋਰੋਨਾ ਤੋਂ ਡਰ ਰਹੇ ਹਨ। ਕੋਰੋਨਾ ਕਾਰਨ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਉਥੇ ਹੀ ਕਈ ਲੋਕਾਂ ਨੇ ਉਸਦਾ ਵਪਾਰ ਬਣਾ ਲਿਆ ਹੈ। ਪੱਛਮੀ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਸ਼ਮਸ਼ਾਨਘਾਟ ਅਤੇ ਮੁਰਦਾ ਘਰ ਤੋਂ ਮ੍ਰਿਤਕਾਂ ਦੇ ਕਫ਼ਨ ਚੋਰੀ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਹ ਲੋਕ ਕਬਰਿਸਤਾਨਾਂ ਅਤੇ ਸ਼ਮਸ਼ਾਨਘਾਟਾਂ ਤੋਂ ਕਫਨ ਅਤੇ ਮ੍ਰਿਤਕ ਦੇਹ ਦੇ ਕੱਪੜੇ ਚੋਰੀ ਕਰਕੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚ ਦਿੰਦੇ ਸਨ।
ਪੁਲਿਸ ਮੁਤਾਬਕ ਇਹ ਮਾਮਲਾ ਬਾਗਪਤ ਦੇ ਬੜੌਤ ਕੋਤਵਾਲੀ ਖੇਤਰ ਨਾਲ ਸਬੰਧਤ ਹੈ। ਗ੍ਰਿਫਤਾਰੀਆਂ ਅਜਿਹੇ ਸਮੇਂ ਹੋਈਆਂ ਹਨ ਜਦੋਂ ਸੋਸ਼ਲ ਮੀਡੀਆ ਅਤੇ ਰਾਸ਼ਟਰੀ ਅਖ਼ਬਾਰਾਂ ਵਿੱਚ ਦੇਸ਼ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਸੰਕਟ ਦੇ ਦੌਰਾਨ ਲਾਸ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਮ੍ਰਿਤਕਾਂ ਦੀਆਂ ਬੈੱਡਸ਼ੀਟਾਂ, ਸਾੜੀਆਂ, ਕਪੜੇ ਚੋਰੀ ਕਰਦੇ ਸਨ।
ਸਰਕਲ ਅਧਿਕਾਰੀ ਆਲੋਕ ਸਿੰਘ ਨੇ ਦੱਸਿਆ ਕਿ ਬਰਾਮਦ ਕੀਤੀਆਂ ਚੀਜ਼ਾਂ ਵਿੱਚੋਂ 520 ਚਿੱਟੇ ਅਤੇ ਪੀਲੀਆਂ ਚਾਦਰਾਂ, 127 ਕੁਰਤੇ, 140 ਸਫੈਦ ਕਮੀਜ਼, 34 ਸਫੈਦ ਧੋਤੀ, 12 ਗਰਮ ਸ਼ਾਲਾਂ, 52 ਧੋਤੀ ਮਹਿਲਾ, 3 ਰਿਬਨ ਦੇ ਪੈਕੇਟ, 158 ਰਿਬਨ ਗਵਾਲੀਅਰ, 1 ਟੇਪ ਕਟਰ ਅਤੇ 112 ਗਵਾਲੀਅਰ ਕੰਪਨੀ ਦੇ ਸਟਿੱਕਰ ਹਨ। ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਪਿਛਲੇ 10 ਸਾਲਾਂ ਤੋਂ ਇਹ ਕੰਮ ਕਰ ਰਿਹਾ ਸੀ। ਫੜੇ ਗਏ ਮੁਲਜ਼ਮ ਨੂੰ ਕੱਪੜਾ ਵਪਾਰੀ ਰੋਜ਼ਾਨਾ 300 ਰੁਪਏ ਅਦਾ ਕਰਦਾ ਸੀ। ਪੁਲਿਸ ਨੇ ਦਸਿਆ ਕਿ ਦੋਸ਼ੀਆਂ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿਤਾ ਗਿਆ ਹੈ। ਬੜੌਤ ਪੁਲਿਸ ਨੇ ਕਾਬੂ ਕੀਤੇ ਮੁਲਜ਼ਮਾਂ ਉੱਤੇ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤੋਂ ਇਲਾਵਾ ਮਹਾਮਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ।