ਬਰਨਾਲਾ: ਖੇਤੀ ਕਾਨੂੰਨ ਖ਼ਿਲਾਫ਼ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਵਿਚ ਇਕ ਹੋਰ ਕਿਸਾਨ ਦੀ ਮੌਤ ਹੋ ਗਈ। 50 ਸਾਲਾ ਕਿਸਾਨ ਨਾਜਰ ਸਿੰਘ ਪਿਛਲੇ 22 ਦਿਨਾਂ ਤੋਂ ਦਿੱਲੀ ਬਾਰਡਰ ‘ਤੇ ਚੱਲ ਰਹੇ ਧਰਨੇ ਵਿਚ ਸ਼ਾਮਲ ਸਨ। ਕਿਸਾਨ ਨਾਜਰ ਸਿੰਘ ਬਰਨਾਲਾ ਦੇ ਪਿੰਡ ਢਿਲਵਾਂ ਦਾ ਰਹਿਣ ਵਾਲਾ ਸੀ। ਦਿੱਲੀ ਅੰਦੋਲਨ ਵਿਚ ਬੀਤੇ ਦਿਨ ਉਨ੍ਹਾਂ ਦੀ ਸਿਹਤ ਵਿਗੜ ਗਈ। ਜਿਸ ਕਰਕੇ ਉਨ੍ਹਾਂ ਨੂੰ ਪ੍ਰਦਰਸ਼ਨ ਚੋਂ ਵਾਪਸ ਘਰ ਭੇਜ ਦਿੱਤਾ ਗਿਆ ਸੀ। ਪਰ ਰਸਤੇ ‘ਚ ਆਉਂਦੇ ਆਉਂਦੇ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਗਈ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਨਾਜਰ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ। ਕਿਸਾਨ ਜਥੇਬੰਦੀਆਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਸਾਰਾ ਕਰਜ਼ਾ ਮਾਫ ਕਰਨ ਦੀ ਅਪੀਲ ਕੀਤੀ। ਜਥੇਬੰਦੀ ਨੇ ਫੈਸਲਾ ਲਿਆ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਨਾਜਰ ਸਿੰਘ ਦੀ ਮ੍ਰਿਤਕ ਦੇਹ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਰੱਖਿਆ ਗਿਆ ਹੈ। ਕਿਸਾਨੀ ਸੰਘਰਸ਼ ਵਿੱਚ ਹੁਣ ਤੱਕ 50 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।