ਕਰਾਚੀ— ਪਾਕਿਸਤਾਨ ਦੇ ਕਰਾਚੀ ਸ਼ਹਿਰ ‘ਚ ਪੁਲਸ ਮੁਖੀ ਦੇ ਦਫਤਰ ‘ਤੇ ਹਮਲਾ ਕਰਨ ਵਾਲੇ ਤਹਿਰੀਕ-ਏ-ਤਾਲਿਬਾਨ (ਪਾਕਿਸਤਾਨ) ਦੇ 5 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਅਤੇ ਦਫਤਰ ‘ਤੇ ਮੁੜ ਕਬਜ਼ਾ ਕਰ ਲਿਆ। ਪੰਜ ਮੰਜ਼ਿਲਾ ਇਮਾਰਤ ਨੂੰ ਮੁੜ ਕਬਜ਼ੇ ਵਿੱਚ ਲੈਣ ਦੀ ਮੁਹਿੰਮ ਸ਼ੁੱਕਰਵਾਰ ਰਾਤ ਕਰੀਬ 10.50 ਵਜੇ ਖਤਮ ਹੋਈ। ਟੀਟੀਪੀ ਦੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਭਾਰੀ ਗੋਲੀਬਾਰੀ ਵਿੱਚ ਦੋ ਪੁਲਿਸ ਕਾਂਸਟੇਬਲ, ਇੱਕ ਰੇਂਜਰਸ ਅਤੇ ਇੱਕ ਨਾਗਰਿਕ ਸਮੇਤ ਚਾਰ ਹੋਰ ਲੋਕ ਵੀ ਮਾਰੇ ਗਏ।
ਇਕ ਸੀਨੀਅਰ ਸੁਰੱਖਿਆ ਸੂਤਰ ਨੇ ਦੱਸਿਆ ਕਿ ਕਾਰਵਾਈ ਦੌਰਾਨ ਪੰਜ ਅੱਤਵਾਦੀ ਮਾਰੇ ਗਏ। ਉਨ੍ਹਾਂ ਕਿਹਾ ਕਿ ਗੋਲੀਬਾਰੀ ਦੌਰਾਨ ਤਿੰਨ ਅੱਤਵਾਦੀ ਮਾਰੇ ਗਏ ਜਦਕਿ ਦੋ ਨੇ ਆਪਣੇ ਆਪ ਨੂੰ ਉਡਾ ਲਿਆ। ਜਿਸ ਕਾਰਨ ਇਮਾਰਤ ਦੀ ਇੱਕ ਮੰਜ਼ਿਲ ਨੂੰ ਵੀ ਕੁਝ ਨੁਕਸਾਨ ਹੋਇਆ ਹੈ। ਸਿੰਧ ਸਰਕਾਰ ਦੇ ਬੁਲਾਰੇ ਮੁਰਤਜ਼ਾ ਵਹਾਬ ਨੇ ਟਵਿੱਟਰ ‘ਤੇ ਕਿਹਾ ਕਿ ਉਹ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਨ ਕਿ ਕਰਾਚੀ ਪੁਲਿਸ ਦਫਤਰ (ਕੇਪੀਓ) ਦੀ ਇਮਾਰਤ ਨੂੰ ਵਾਪਸ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ, ”ਤਿੰਨ ਅੱਤਵਾਦੀਆਂ ਨੂੰ ਗੋਲੀ ਮਾਰ ਦਿੱਤੀ ਗਈ ਹੈ।” ਉਨ੍ਹਾਂ ਦੱਸਿਆ ਕਿ ਦੋ ਪੁਲਸ ਕਰਮਚਾਰੀਆਂ, ਇਕ ਰੇਂਜਰ ਅਤੇ ਇਕ ਆਮ ਨਾਗਰਿਕ ਸਮੇਤ ਚਾਰ ਹੋਰ ਮਾਰੇ ਗਏ, ਜਦਕਿ 17 ਹੋਰ ਜ਼ਖਮੀ ਹੋ ਗਏ।
ਹਮਲਾ ਕਰਨ ਵਾਲੇ ਅਤੇ ਇਮਾਰਤ ਵਿੱਚ ਦਾਖਲ ਹੋਏ ਅੱਤਵਾਦੀਆਂ ਦੀ ਗਿਣਤੀ ਬਾਰੇ ਵਿਰੋਧੀ ਰਿਪੋਰਟਾਂ ਹਨ, ਪਰ ਪੁਲਿਸ ਸੂਤਰਾਂ ਨੇ ਉਨ੍ਹਾਂ ਦੀ ਗਿਣਤੀ ਅੱਠ ਦੱਸੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, ”ਇਮਾਰਤ ਨੂੰ ਆਪਣੇ ਕਬਜ਼ੇ ‘ਚ ਲੈਣ ਤੋਂ ਬਾਅਦ ਹੁਣ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਸਕੇਗੀ।”