ਨਿਊਯਾਰਕ: ਅਮਰੀਕਾ ਦੇ ਸੂਬੇ ਨਾਰਥ ਡਕੋਟਾ ਦੇ ਸ਼ਹਿਰ ਕੈਰਿੰਗਟਨ ‘ਚ ਇੱਕ ਪੰਜਾਬੀ ਟਰੱਕ ਡਰਾਈਵਰ ਕੋਲੋਂ 290 ਪਾਊਂਡ ਸ਼ੱਕੀ ਕੋਕੀਨ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡਰਾਈਵਰ ਦੀ ਪਛਾਣ 38 ਸਾਲਾ ਨਰਵੀਰ ਸੂਰੀ ਵਜੋਂ ਹੋਈ ਹੈ।
ਬਰਾਮਦ ਹੋਈ ਕੋਕੀਨ ਦੀ ਕੀਮਤ 5 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਸ਼ੱਕੀ ਕੋਕੀਨ ਉਸ ਦੇ ਟਰੱਕ ਟਰੇਲਰ ਵਿੱਚੋਂ ਬਰਾਮਦ ਹੋਈ। ਨਰਵੀਰ ਸੂਰੀ ਕੈਨੇਡਾ ਦੇ ਐਲਬਰਟਾ ਸੂਬੇ ਵਿੱਚ ਪੈਂਦੇ ਸ਼ਹਿਰ ਐਡਮਿੰਟਨ ਦਾ ਵਾਸੀ ਹੈ। ਇਸ ਕਾਰਵਾਈ ਨੂੰ ਪੁਲਿਸ ਦੀਆਂ ਕਈ ਟੀਮਾਂ ਵੱਲੋਂ ਸਾਂਝੇ ਤੌਰ ‘ਤੇ ਅੰਜਾਮ ਦਿੱਤਾ ਗਿਆ, ਜਿਨਾਂ ਵਿੱਚ ਕੈਰਿਗਟਨ ਪੁਲਿਸ, ਨੌਰਥ ਡਕੋਟਾ ਹਾਈਵੇਅ ਪੈਟਰੋਲ, ਕਾਊਂਟੀ ਦੀ ਟਾਸਕ ਫੋਰਸ ਡਰੱਗ ਇਨਫੋਰਸਮੈਂਟ ਐਡ ਮਿਨਿਸਟਰੇਸ਼ਨ ਸ਼ਾਮਲ ਹੈ। ਇਨਾਂ ਦੇ ਸਾਂਝੇ ਯਤਨਾਂ ਸਦਕਾ ਨਰਵੀਰ ਸੂਰੀ ਦੇ ਟਰੱਕ ਦੀ ਤਲਾਸ਼ੀ ਲਈ ਗਈ, ਜਿਸ ਵਿੱਚੋਂ 290 ਪੌਂਡ ਕੋਕੀਨ ਬਰਾਮਦ ਹੋਈ, ਜਿਸ ਦੀ ਕੀਮਤ 5 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਫਿਲਹਾਲ ਨਰਵੀਰ ਸੂਰੀ ਨੂੰ 50 ਹਜ਼ਾਰ ਡਾਲਰ ਦੇ ਮੁਚਲਕੇ ’ਤੇ ਰਿਹਾਅ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲੇ ਬੀਤੇ 9 ਜਨਵਰੀ ਨੂੰ ਅਮਰੀਕਾ ਦੇ ਇੰਡੀਆਨਾ ਸੂਬੇ ਦੀ ਪੁਲਿਸ ਨੇ ਪੰਜਾਬੀ ਟਰੱਕ ਡਰਾਈਵਰ 32 ਸਾਲਾ ਵਿਕਰਮ ਸੰਧੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਦੇ ਟਰੱਕ ਵਿੱਚ ਵੀ ਸ਼ੱਕੀ ਕੋਕੀਨ ਬਰਾਮਦ ਹੋਈ ਸੀ, ਜਿਸ ਦਾ ਵਜਨ 115 ਪੌਂਡ ਦੱਸਿਆ ਗਿਆ। ਵਿਕਰਮ ਸੰਧੂ ਜਦੋਂ ਆਪਣਾਟਰੱਕ ਲੈ ਕੇ ਹਿਊਸਟਨ ਟੈਕਸਸ ਤੋਂ ਇੰਡੀਅਨਾਪੋਲੀਸ ਨੂੰ ਜਾ ਰਿਹਾ ਸੀ, ਉਸੇ ਦੌਰਾਨ ਪੁਲਿਸ ਨੇ ਉਸ ਨੂੰ ਰੋਡ ਸਾਇਡ ਜਾਂਚ ਲਈ ਇੰਟਰਸਟੇਟ ਹਾਈਵੇਅ-70 ਦੇ ਮੀਲ ਮਾਰਕਰ ਰੋਡ-41 ਉੱਤੇ ਰੁਕਣ ਦਾ ਇਸ਼ਾਰਾ ਕੀਤਾ। ਛਾਣਬੀਣ ਦੌਰਾਨ ਉਸ ਦੇ ਟਰੱਕ ‘ਚ ਬਣੇ ਸੌਣ ਵਾਲੇ ਹਿੱਸੇ ‘ਚ ਸ਼ੱਕੀ ਕੋਕੀਨ ਬਰਾਮਦ ਹੋਈ।