ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਬੀਤੇ ਦਿਨੀਂ ਇੱਕ ਵਿਅਕਤੀ ਵੱਲੋਂ ਲੋਹੇ ਦੀ ਰਾਡ ਨਾਲ ਕੀਤੇ ਗਏ ਹਮਲੇ ਵਿੱਚ ਪੰਜ ਲੋਕ ਜ਼ਖ਼ਮੀ ਹੋ ਗਏ। ਹਮਲਾਵਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਮਾਮਲੇ ਦੇ ਮੁੱਖ ਦੋਸ਼ੀ ਦੀ ਪਛਾਣ ਹਰਿਆਣਾ ਦੇ ਵਾਸੀ ਜ਼ਲਫ਼ਾਨ ਵਜੋਂ ਹੋਈ ਹੈ। ਇਹ ਹਮਲਾ ਜਿਸ ਦਿਨ ਹੋਇਆ, ਉਹ ਨਾਨਕਸ਼ਾਹੀ ਕੈਲੰਡਰ ਮੁਤਾਬਕ ਨਵੇਂ ਸਾਲ ਦਾ ਪਹਿਲਾ ਦਿਨ ਅਤੇ ਚੇਤ ਦੀ ਸੰਗਰਾਦ ਦਾ ਦਿਹਾੜਾ ਹੈ। ਇਸ ਤੋਂ ਇਲਾਵਾ ਹੋਲਾ ਮਹੱਲਾ ਵੀ ਸੀ, ਜਿਸ ਕਾਰਨ ਸੰਗਤ ਦੀ ਆਮਦ ਆਮ ਤੋਂ ਵੱਧ ਸੀ।
ਹਮਲਾਵਰ ਨੇ ਗੁਰੂ ਰਾਮਦਾਸ ਲੰਗਰ ਨੇੜੇ ਹਮਲਾ ਕੀਤਾ, ਜਿਸ ਕਰਕੇ ਸੰਗਤ ਵਿੱਚ ਦਹਿਸ਼ਤ ਫੈਲ ਗਈ। ਉਹ ਨਾਲ ਲੱਗਦੀ ਸਰਾਂ ਸ੍ਰੀ ਗੁਰੂ ਰਾਮਦਾਸ ਨਿਵਾਸ ਵੱਲ ਵੀ ਗਿਆ ਅਤੇ ਇਸ ਦੌਰਾਨ ਉਸਦੇ ਹਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਦੋ ਸੇਵਾਦਾਰ ਅਤੇ ਵੱਖ-ਵੱਖ ਥਾਵਾਂ ਤੋਂ ਦਰਸ਼ਨ ਕਰਨ ਆਏ ਤਿੰਨ ਸ਼ਰਧਾਲੂ ਜ਼ਖ਼ਮੀ ਹੋ ਗਏ। ਤਿੰਨ ਸ਼ਰਧਾਲੂ ਬਠਿੰਡਾ, ਪਟਿਆਲਾ ਅਤੇ ਮੋਹਾਲੀ ਨਾਲ ਸਬੰਧਤ ਦੱਸੇ ਗਏ ਹਨ। ਬਠਿੰਡਾ ਤੋਂ ਆਏ ਸ਼ਰਧਾਲੂਆਂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ।
ਜ਼ਖ਼ਮੀਆਂ ‘ਚੋਂ ਇੱਕ ਨੂੰ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਵਿੱਚ ਦਾਖ਼ਲ ਕਰਵਾਇਆ ਗਿਆ।
ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਕਾਬੂ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਹਮਲਾਵਰ ਅਤੇ ਉਸਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਹਮਲੇ ਤੋਂ ਪਹਿਲਾਂ ਅਪਰਾਧ ਸਥਾਨ ਦਾ ਜਾਇਜ਼ਾ ਲਿਆ ਸੀ। ਦੂਜੇ ਦੋਸ਼ੀ ਨੇ ਵੀ ਕਥਿਤ ਤੌਰ ‘ਤੇ ਸ਼ਰਧਾਲੂਆਂ ‘ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਰੇਕੀ ਕੀਤੀ ਸੀ।
ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਮੁੱਖ ਦੋਸ਼ੀ ਪਹਿਲਾਂ ਅੰਦਰੋਂ-ਬਾਹਰ ਗਿਆ ਅਤੇ ਲੋਹੇ ਦੀ ਰਾਡ ਨਾਲ ਲੈਸ ਹੋਕੇ ਵਾਪਸ ਆਇਆ, ਜਿਸ ਮਗਰੋਂ ਉਸਨੇ ਸ਼੍ਰੋਮਣੀ ਕਮੇਟੀ ਦੇ ਸਟਾਫ਼ ‘ਤੇ ਹਮਲਾ ਕੀਤਾ ਅਤੇ ਫਿਰ ਬਚਾਅ ਲਈ ਅੱਗੇ ਆਏ ਸ਼ਰਧਾਲੂਆਂ ‘ਤੇ ਹਮਲਾ ਕਰ ਦਿੱਤਾ।