ਅੰਮ੍ਰਿਤਸਰ: ਬੀਤੀ ਰਾਤ ਲੰਦਨ ਤੋਂ ਅੰਮ੍ਰਿਤਸਰ ਆਈ ਆਖਰੀ ਉਡਾਣ ਦੇ ਸਾਰੇ ਯਾਤਰੀਆਂ ਦਾ ਕੋਰੋਨਾ ਟੈਸਟ ਕੀਤਾ ਗਿਆ। ਜਿਸ ਦੌਰਾਨ 5 ਯਾਤਰੀਆਂ ਦੀ ਕੋਵਿਡ ਰਿਪੋਰਟ ਨਾਲ ਪਾਜ਼ਿਟਿਵ ਪਾਈ ਗਈ ਹੈ। ਇਸ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ।
ਪ੍ਰਸ਼ਾਸਨ ਮੁਤਾਬਕ ਕੋਰੋਨਾ ਪੀੜਤ ਆਏ ਯਾਤਰੀਆਂ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਕਾਂਤਵਾਸ ਕੀਤਾ ਜਾਵੇਗਾ। ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਦੇਖੇ ਜਾਣ ਤੋਂ ਭਾਰਤ ਸਰਕਾਰ ਨੇ ਯੂਕੇ ਵਿੱਚ ਹਵਾਈ ਉਡਾਣਾਂ ਬੰਦ ਕਰ ਦਿੱਤੀਆਂ ਸੀ। ਕੇਂਦਰ ਸਰਕਾਰ ਵੱਲੋਂ ਲਾਈ ਗਈ ਰੋਕ 22 ਦਸੰਬਰ ਤੋਂ ਲਾਗੂ ਹੋਵੇਗੀ ਅਤੇ 31 ਦਸੰਬਰ ਤੱਕ ਰਹੇਗੀ।
ਬੀਤੀ ਰਾਤ ਲੰਦਨ ਤੋਂ ਅੰਮ੍ਰਿਤਸਰ ਆਈ ਉਡਾਣ ਆਖਰੀ ਸੀ। ਜਿਸ ਵਿੱਚ 17 ਕਰਿਊ ਮੈਂਬਰ ਅਤੇ 246 ਯਾਤਰੀ ਸਵਾਰ ਸਨ। ਬੀਤੀ ਦੇਰ ਰਾਤ ਇਹ ਫਲਾਈਟ ਅੰਮ੍ਰਿਤਸਰ ਏਅਰਪੋਰਟ ‘ਤੇ ਉੱਤਰੀ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸਾਰੇ ਯਾਤਰੀਆਂ ਦਾ ਕੋਰੋਨਾ ਟੈਸਟ ਕਰਨ ਲਈ ਇਹਨਾਂ ਨੂੰ ਸਵੇਰ ਤੱਕ ਏਅਰਪੋਰਟ ਦੇ ਅੰਦਰ ਹੀ ਬੈਠਾ ਰੱਖਿਆ। ਇਸ ਦੌਰਾਨ ਬਾਹਰ ਜਾਣ ਲਈ ਯਾਤਰੀਆਂ ਵੱਲੋਂ ਹੰਗਾਮਾ ਵੀ ਕੀਤਾ ਗਿਆ।