ਮੰਗਲੁਰੂ: ਕਰਨਾਟਕ ਦੇ ਮੰਗਲੁਰੂ ਸਥਿਤ ਜ਼ਿਲਾ ਜੇਲ ‘ਚ ਬੁੱਧਵਾਰ ਨੂੰ 45 ਕੈਦੀ ਜ਼ਹਿਰੀਲੇ ਭੋਜਨ ਦਾ ਸ਼ਿਕਾਰ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਰਿਪੋਰਟਾਂ ਅਨੁਸਾਰ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਕੈਦੀਆਂ ਨੂੰ ਪੇਟ ਦੀ ਸਮੱਸਿਆ ਹੋਣ ਲੱਗੀ। ਸਿਹਤ ਖਰਾਬ ਹੋਣ ਦੀ ਸ਼ਿਕਾਇਤ ਤੋਂ ਬਾਅਦ ਬੁੱਧਵਾਰ ਨੂੰ ਸਾਰੇ 45 ਕੈਦੀਆਂ ਨੂੰ ਸਰਕਾਰੀ ਵੇਨਲਾਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਵਿੱਚ ਦਾਖ਼ਲ ਇਨ੍ਹਾਂ ਕੈਦੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ ਅਤੇ ਉਸ ਦਾ ਇਲਾਜ ਆਈਸੀਯੂ ਵਿੱਚ ਕੀਤਾ ਜਾ ਰਿਹਾ ਹੈ। ਜੇਲ੍ਹ ਅਧਿਕਾਰੀਆਂ ਅਨੁਸਾਰ ਕੈਦੀਆਂ ਨੂੰ ਦੁਪਹਿਰ ਦੇ ਖਾਣੇ ਵਿੱਚ ਚੌਲ-ਸਾਂਬਰ ਅਤੇ ਨਾਸ਼ਤੇ ਵਿੱਚ ‘ਅਵਲੱਕੀ’ ਯਾਨੀ ਪੋਹਾ ਪਰੋਸਿਆ ਗਿਆ ਸੀ।
ਰਿਪੋਰਟਾਂ ਅਨੁਸਾਰ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਕਰੀਬ 3 ਵਜੇ ਕੈਦੀਆਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮੰਗਲੁਰੂ ਸਿਟੀ ਪੁਲਿਸ ਕਮਿਸ਼ਨਰ ਅਨੁਪਮ ਅਗਰਵਾਲ ਨੇ ਦੱਸਿਆ ਕਿ ਦੁਪਹਿਰ ਦੇ ਖਾਣੇ ਤੋਂ ਬਾਅਦ ਜੇਲ ਅਧਿਕਾਰੀਆਂ ਨੇ ਦੇਖਿਆ ਕਿ ਕੁਝ ਕੈਦੀਆਂ ਦੀ ਸਿਹਤ ਅਚਾਨਕ ਵਿਗੜ ਗਈ। ਉਨ੍ਹਾਂ ਦੱਸਿਆ ਕਿ ਦੁਪਹਿਰ ਦੇ ਖਾਣੇ ਤੋਂ ਬਾਅਦ ਕੈਦੀਆਂ ਨੇ ਪੇਟ ਦਰਦ, ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਕੀਤੀ। ਕੈਦੀਆਂ ਦੀ ਹਾਲਤ ਨੂੰ ਦੇਖਦੇ ਹੋਏ ਜੇਲ ਪ੍ਰਸ਼ਾਸਨ ਨੇ ਤੁਰੰਤ ਸਾਰੇ ਬਿਮਾਰ ਕੈਦੀਆਂ ਨੂੰ ਪੁਲਿਸ ਸੁਰੱਖਿਆ ਹੇਠ ਜ਼ਿਲਾ ਸਰਕਾਰੀ ਹਸਪਤਾਲ ਪਹੁੰਚਾਇਆ।
ਸਿਟੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖ਼ਲ ਇੱਕ ਕੈਦੀ ਨੂੰ ਛੱਡ ਕੇ ਬਾਕੀ ਸਾਰੇ ਕੈਦੀਆਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਕੈਦੀਆਂ ਦੇ ਪੀਣ ਵਾਲੇ ਪਾਣੀ, ਸਵੇਰ ਦੇ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਹਨ। ਅਗਰਵਾਲ ਨੇ ਕੈਦੀਆਂ ਨੂੰ ਦਾਖਲ ਕਰਵਾਉਣ ਤੋਂ ਬਾਅਦ ਹਸਪਤਾਲ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।