ਨਿਊਜ਼ ਡੈਸਕ: ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਇੱਕ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ। ਇਨ੍ਹਾਂ ਵਿੱਚ ਜੋੜਾ ਅਤੇ ਉਨ੍ਹਾਂ ਦੇ 2 ਬੱਚੇ ਸ਼ਾਮਲ ਹਨ।ਮ੍ਰਿਤਕਾਂ ਦੀ ਪਛਾਣ ਆਨੰਦ ਸੁਜੀਤ ਹੈਨਰੀ (42), ਉਸ ਦੀ ਪਤਨੀ ਐਲਿਸ ਪ੍ਰਿਯੰਕਾ (40) ਅਤੇ ਉਨ੍ਹਾਂ ਦੇ ਜੁੜਵਾਂ ਬੱਚਿਆਂ ਨੋਹ ਅਤੇ ਨੀਥਨ (4) ਵਜੋਂ ਹੋਈ ਹੈ।
ਸੈਨ ਮੈਟੀਓ ਪੁਲਿਸ ਨੇ ਦੱਸਿਆ ਕਿ ਘਟਨਾ ਦਾ ਖੁਲਾਸਾ ਆਨੰਦ ਦੇ ਰਿਸ਼ਤੇਦਾਰ ਨੇ ਸੂਚਨਾ ਦੇਣ ਤੋਂ ਬਾਅਦ ਕੀਤਾ। ਜਦੋਂ ਘਰ ਦਾ ਫੋਨ ਨਹੀਂ ਆਇਆ ਤਾਂ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਦੇਖਿਆ ਕਿ ਆਨੰਦ ਅਤੇ ਐਲਿਸ ਦੀਆਂ ਲਾਸ਼ਾਂ ਬਾਥਰੂਮ ‘ਚ ਪਈਆਂ ਸਨ, ਜਦਕਿ ਉਨ੍ਹਾਂ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਬੈੱਡਰੂਮ ‘ਚ ਪਈਆਂ ਸਨ।
ਸੈਨ ਮੈਟੀਓ ਪੁਲਿਸ ਮੁਤਾਬਕ ਦੋ ਦੀ ਮੌਤ ਗੋਲੀ ਲੱਗਣ ਨਾਲ ਹੋਈ, ਜਦੋਂਕਿ ਬਾਕੀ ਦੋ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਇਸ ਮਾਮਲੇ ਦੀ ਸੰਭਾਵਤ ਕਤਲ-ਖੁਦਕੁਸ਼ੀ ਵਜੋਂ ਜਾਂਚ ਕਰ ਰਹੀ ਹੈ। ਹਾਲਾਂਕਿ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਸ਼ੁਰੂਆਤੀ ਤੌਰ ‘ਤੇ ਸ਼ੱਕ ਜਤਾਇਆ ਸੀ ਕਿ ਇਹ ਮੌਤਾਂ ਏਅਰ ਕੰਡੀਸ਼ਨਰ ਜਾਂ ਹੀਟਰ ਤੋਂ ਕਾਰਬਨ ਮੋਨੋਆਕਸਾਈਡ ਗੈਸ ਕਾਰਨ ਹੋਈਆਂ ਹਨ ਪਰ ਪੁਲਿਸ ਨੂੰ ਘਰ ਵਿਚ ਗੈਸ ਲੀਕ ਹੋਣ ਜਾਂ ਖਰਾਬ ਉਪਕਰਣਾਂ ਦਾ ਕੋਈ ਸਬੂਤ ਨਹੀਂ ਮਿਲਿਆ। ਪੁਲਿਸ ਨੇ ਬਾਥਰੂਮ ਵਿੱਚੋਂ ਇੱਕ 9 ਐਮਐਮ ਦਾ ਪਿਸਤੌਲ ਅਤੇ ਇੱਕ ਲੋਡਡ ਮੈਗਜ਼ੀਨ ਬਰਾਮਦ ਕੀਤਾ ਹੈ। ਘਰ ‘ਚ ਸ਼ੱਕੀ ਦਾਖਲ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ।
ਰਿਪੋਰਟਾਂ ਅਨੁਸਾਰ ਆਨੰਦ ਅਤੇ ਐਲਿਸ ਦੋਵੇਂ ਆਈਟੀ ਪੇਸ਼ੇਵਰ ਸਨ ਜੋ ਪਿਛਲੇ ਨੌਂ ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੇ ਸਨ। ਆਨੰਦ ਇਕ ਸਾਫਟਵੇਅਰ ਇੰਜੀਨੀਅਰ ਸੀ, ਅਤੇ ਐਲਿਸ ਇਕ ਸੀਨੀਅਰ ਵਿਸ਼ਲੇਸ਼ਕ ਸੀ। ਉਹ ਦੋ ਸਾਲ ਪਹਿਲਾਂ ਨਿਊ ਜਰਸੀ ਤੋਂ ਸੈਨ ਮੈਟੀਓ ਕਾਊਂਟੀ ਚਲੇ ਗਏ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।