ਵਿਦੇਸ਼ ‘ਚ ਫਸੇ 3 ਪੰਜਾਬੀਆਂ ਸਣੇ ਵਤਨ ਪਰਤੇ 4 ਭਾਰਤੀ

Prabhjot Kaur
3 Min Read

ਚੰਡੀਗੜ੍ਹ: ਚੰਗੇ ਭਵਿੱਖ ਲਈ ਭਾਰਤੀ ਨੌਜਵਾਨ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਲੋਕ ਤਾਂ ਆਪਣੇ ਸੁਪਨੇ ਪੂਰੇ ਕਰਨ ਵਿੱਚ ਸਫ਼ਲ ਹੋ ਜਾਂਦੇ ਨੇ, ਪਰ ਕਈ ਕਿਸੇ ਨਾਂ ਕਿਸੇ ਕਾਰਨ ਕਰਕੇ ਮੁਸ਼ਕਲਾਂ ਵਿੱਚ ਘਿਰ ਜਾਂਦੇ ਹਨ। ਇਸੇ ਤਰ੍ਹਾਂ ਵਿਦੇਸ਼ ਗਏ 9 ਪੰਜਾਬੀਆਂ ਸਣੇ 12 ਭਾਰਤੀ ਲੀਬੀਆ ਦੇ ਬੇਨਗਾਜ਼ੀ ਸ਼ਹਿਰ ਵਿੱਚ ਫਸੇ ਹੋਏ ਸੀ, ਜਿਨ੍ਹਾਂ ਵਿੱਚੋਂ 3 ਪੰਜਾਬੀਆਂ ਸਣੇ 4 ਭਾਰਤੀ ਵਤਨ ਪਰਤ ਗਏ।

ਇਨ੍ਹਾਂ ਚਾਰਾਂ ਸਣੇ 12 ਭਾਰਤੀਆਂ ਨੂੰ ਬੇਨਗਾਜ਼ੀ ਸ਼ਹਿਰ ‘ਚ ਇੱਕ ਸੀਮੈਂਟ ਫੈਕਟਰੀ ਵਿੱਚ ਬੰਧਕ ਬਣਾਇਆ ਗਿਆ ਸੀ, ਜਿਨ੍ਹਾਂ ਵਿੱਚ 9 ਪੰਜਾਬੀ ਸ਼ਾਮਲ ਹਨ। ਪੰਜਾਬ, ਹਿਮਾਚਲ ਅਤੇ ਬਿਹਾਰ ਨਾਲ ਸਬੰਧਤ ਇਹ 12 ਜਣੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਲੀਬੀਆ ਗਏ ਸੀ, ਪਰ ਉੱਥੇ ਇਨ੍ਹਾਂ ਨੂੰ ਇੱਕ ਫੈਕਟਰੀ ਵਿੱਚ ਬੰਧਕ ਬਣਾ ਲਿਆ ਗਿਆ। ਆਪਣੇ ਵੱਲੋਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਇਹ ਉੱਥੋਂ ਬਾਹਰ ਨਹੀਂ ਨਿੱਕਲ ਸਕੇ ਤਾਂ ਇਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ ਕੀਤੀ। ਨੌਜਵਾਨਾਂ ਨੇ ਵੀਡੀਓ ‘ਚ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਬਾਹਰ ਨਾਂ ਕੱਢਿਆ ਗਿਆ ਤਾਂ ਉਹ ਭੁੱਖੇ ਪਿਆਸੇ ਮਰ ਜਾਣਗੇ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਇਹ ਗੱਲ ਸਰਕਾਰ ਦੇ ਕੰਨਾਂ ਤੱਕ ਪਹੁੰਚੀ ਤਾਂ ਇਨ੍ਹਾਂ ਨੂੰ ਉੱਥੋਂ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ, ਜਿਨ੍ਹਾਂ ਨੂੰ ਹੁਣ ਬੂਰ ਪੈਂਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਇਨ੍ਹਾਂ 12 ਜਣਿਆਂ ਵਿੱਚੋਂ 4 ਭਾਰਤੀ ਮੁੰਬਈ ਪਹੁੰਚ ਚੁੱਕੇ ਹਨ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬਾਕੀ 8 ਭਾਰਤੀਆਂ ਨੂੰ ਵੀ ਜਲਦ ਹੀ ਵਾਪਸ ਲਿਆਂਦਾ ਜਾ ਰਿਹਾ ਹੈ। ਭਾਜਪਾ ਦੇ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਇਨ੍ਹਾਂ ਭਾਰਤੀਆਂ ਦੀ ਵਾਪਸੀ ਲਈ ਵਿਦੇਸ਼ ਮੰਤਰਾਲੇ ਕੋਲ ਪਹੁੰਚ ਕੀਤੀ ਸੀ। ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਲੀਬੀਆ ਸਰਕਾਰ ਨਾਲ ਗੱਲ ਕੀਤੀ ਅਤੇ ਸਾਰਿਆਂ ਨੂੰ ਸੀਮੈਂਟ ਫੈਕਟਰੀ ‘ਚ ਮੁਕਤ ਕਰਵਾਇਆ। ਇਨ੍ਹਾਂ ‘ਚੋਂ 4 ਲੋਕ ਬੀਤੇ ਦਿਨ ਮੁੰਬਈ ਦੇ ਕੌਮਾਂਤਰੀ ਹਵਾਈ ਅੱਜ ‘ਤੇ ਪਹੁੰਚ ਗਏ। ਉਥੋਂ ਚਾਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਹੜੇ ਬਾਕੀ 8 ਲੀਬੀਆ ਰਹਿ ਗਏ, ਉਨ੍ਹਾਂ ਨੂੰ ਵੀ ਜਲਦ ਹੀ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment