ਢਾਕਾ: ਪਾਕਿਸਤਾਨ ਦੇ ਇੱਕ ਮੰਦਿਰ ‘ਤੇ ਮੁਸਲਮਾਨ ਕੱਟੜਪੰਥੀਆਂ ਦੇ ਹਮਲੇ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਸੀ ਕਿ ਬੰਗਲਾਦੇਸ਼ ਵਿੱਚ ਵੀ 50 ਤੋਂ ਜ਼ਿਆਦਾ ਹਿੰਦੂ ਘਰਾਂ ‘ਤੇ ਹਮਲਾ ਕੀਤਾ ਗਿਆ ਤੇ ਚਾਰ ਮੰਦਰਾਂ ਵਿੱਚ ਭੰਨਤੋੜ ਕੀਤੀ ਗਈ।
ਇਥੋਂ ਦੇ ਖੁਲਨਾ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਵਾਪਰੀ ਇਸ ਸ਼ਰਮਨਾਕ ਘਟਨਾ ਵਿੱਚ ਕਈ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਖੰਡਿਤ ਕਰ ਦਿੱਤਾ ਗਿਆ। ਇਸ ਹਮਲੇ ਲਈ ਕੱਟੜਪੰਥੀ ਸੰਗਠਨ ਹਿਫਾਜ਼ਤ-ਏ-ਇਸਲਾਮ ਨੂੰ ਜਿੰਮੇਵਾਰ ਮੰਨਿਆ ਜਾ ਰਿਹਾ ਹੈ ਜਿਸ ਦੇ ਤਾਰ ਸਿੱਧੇ ਪਾਕਿਸਤਾਨ ਤੇ ਉਸ ਦੀ ਖੁਫਿਆ ਏਜੰਸੀ ਆਈਐੱਸਆਈ ਨਾਲ ਜੁੜੇ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ ਹਿੰਦੂ ਇੱਕ ਧਾਰਮਿਕ ਜੁਲੂਸ ਕੱਢਣਾ ਚਾਹੁੰਦੇ ਸਨ ਜਿਸ ਦਾ ਸਿਆਲੀ ਪਿੰਡ ਦੀ ਇੱਕ ਮਸਜਿਦ ਦੇ ਮੌਲਵੀ ਨੇ ਵਿਰੋਧ ਕੀਤਾ। ਇਸ ਤੋਂ ਬਾਅਦ ਸ਼ਨੀਵਾਰ ਨੂੰ ਕੱਟੜਪੰਥੀਆਂ ਦੀ ਭੀੜ ਨੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਘਟੋਂ-ਘੱਟ 50 ਹਿੰਦੂ ਘਰਾਂ ਨੂੰ ਨਿਸ਼ਾਨਾ ਬਣਾਇਆ ਅਤੇ 4 ਮੰਦਰਾਂ ਵਿੱਚ ਭੰਨਤੋੜ ਕੀਤੀ। ਇਨ੍ਹਾਂ ਮੰਦਿਰਾਂ ਵਿੱਚ ਰੱਖੀਆਂ 10 ਮੂਰਤੀਆਂ ਨੂੰ ਤੋੜ ਦਿੱਤਾ ਗਿਆ। ਪੁਲਿਸ ਨੇ ਘਟਨਾ ਸਬੰਧੀ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਘਟਨਾ ਲਈ ਕੱਟੜਪੰਥੀ ਸੰਗਠਨ ਹਿਫਾਜ਼ਤ-ਏ-ਇਸਲਾਮ ‘ਤੇ ਸ਼ੱਕ ਜਤਾਇਆ ਜਾ ਰਿਹਾ ਹੈ।