ਨਵੀਂ ਦਿੱਲੀ: ਪੂਰਬੀ ਦਿੱਲੀ ਦੇ ਮੁਸਤਫਾਬਾਦ ਇਲਾਕੇ ‘ਚ ਇੱਕ ਛੇ ਮੰਜ਼ਿਲਾ ਇਮਾਰਤ ਢਹਿ ਗਈ ਹੈ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਲਬੇ ਹੇਠ ਹੋਰ ਲੋਕਾਂ ਦੇ ਫਸੇ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਦਿੱਲੀ ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਬਚਾਅ ਕਾਰਜ ਜਾਰੀ ਹਨ।
ਸ਼ੁਰੂਆਤੀ ਜਾਣਕਾਰੀ ਮੁਤਾਬਕ ਇਮਾਰਤ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਵਧੀਕ ਪੁਲਿਸ ਕਮਿਸ਼ਨਰ ਵਿਨੀਤ ਕੁਮਾਰ ਦੇ ਅਨੁਸਾਰ ਇਹ ਘਟਨਾ ਕੱਲ੍ਹ ਸ਼ਾਮ ਵਾਪਰੀ। ਉਹਨਾਂ ਦੱਸਿਆ ਕਿ ਸ਼ਾਮ 7 ਵਜੇ ਜਾਣਕਾਰੀ ਮਿਲੀ ਸੀ ਅਤੇ ਮੌਕੇ ‘ਤੇ ਪਹੁੰਚਣ ‘ਤੇ ਪਤਾ ਲੱਗਾ ਕਿ ਧੂੜ ਭਰੀ ਹਨੇਰੀ ਕਾਰਨ ਇਮਾਰਤ ਢਹਿ ਗਈ। ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਅਤੇ ਦੋ ਲੋਕ ਜ਼ਖਮੀ ਹੋਏ।
ਇਹ ਵੀ ਉਲੇਖਣਯੋਗ ਹੈ ਕਿ ਪਿਛਲੇ ਹਫ਼ਤੇ ਵੀ ਐਸੇ ਹੀ ਹਾਲਾਤਾਂ ਹੇਠ ਮਧੂ ਵਿਹਾਰ ਪੁਲਿਸ ਸਟੇਸ਼ਨ ਨੇੜੇ ਇੱਕ ਨਿਰਮਾਣ ਅਧੀਨ ਇਮਾਰਤ ਢਹਿ ਗਈ ਸੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਦੋ ਹੋਰ ਜ਼ਖਮੀ ਹੋ ਗਏ ਸਨ।
ਡਿਵੀਜ਼ਨਲ ਫਾਇਰ ਅਫਸਰ ਰਾਜੇਂਦਰ ਅਟਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਵੇਰੇ ਕਰੀਬ 2:50 ਵਜੇ ਘਰ ਢਹਿਣ ਦੀ ਸੂਚਨਾ ਮਿਲੀ। ਟੀਮ ਮੌਕੇ ‘ਤੇ ਪਹੁੰਚੀ ਤਾਂ ਪਤਾ ਲੱਗਾ ਕਿ ਪੂਰੀ ਇਮਾਰਤ ਢਹਿ ਚੁੱਕੀ ਸੀ। ਮਲਬੇ ਹੇਠ ਲੋਕਾਂ ਦੇ ਫਸੇ ਹੋਣ ਦੀ ਪੁਸ਼ਟੀ ਹੋਈ ਹੈ। ਐਨਡੀਆਰਐਫ ਅਤੇ ਦਿੱਲੀ ਫਾਇਰ ਸਰਵਿਸ ਦੀਆਂ ਟੀਮਾਂ ਬਚਾਅ ਕਾਰਜ ਵਿੱਚ ਜੁਟੀ ਹੋਈਆਂ ਹਨ।