ਦੱਖਣ – ਪੂਰਬੀ ਇੰਗਲੈਂਡ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇੱਕ ਟਰੱਕ ‘ਚ 39 ਲਾਸ਼ਾਂ ਬਰਾਮਦ ਕੀਤੀਆਂ ਗਈਆ। ਮਿਲੀ ਜਾਣਕਾਰੀ ਮੁਤਾਬਕ ਟਰੱਕ ਬੁਲਗਾਰੀਆ ਤੋਂ ਇੱਥੇ ਲਿਆਇਆ ਗਿਆ ਹੈ। ਏਸੇਕਸ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਲੰਦਨ ਦੇ ਨੇੜੇ ਗਰੇਜ ਦੇ ਇੱਕ ਇੰਡਸਟਰੀਅਲ ਪਾਰਕ ਵਿੱਚ ਬੁੱਧਵਾਰ ਨੂੰ ਟਰੱਕ ਬਰਾਮਦ ਕੀਤਾ ਗਿਆ।
ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ ਇਨ੍ਹਾਂ ਲਾਸ਼ਾਂ ਵਿੱਚ 38 ਬਾਲਗ ਜਦੋਂ ਕਿ ਇੱਕ ਨਬਾਲਿਗ ਹੈ। ਇਸ ਘਟਨਾ ਸਬੰਧੀ ਪੂਰਬੀ ਆਇਰਲੈਂਡ ਤੋਂ 25 ਸਾਲਾਂ ਨੌਜਵਾਨ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਏਸੇਕਸ ਪੁਲਿਸ ਦੇ ਚੀਫ ਸੁਪਰਡੈਂਟ ਐਂਡਰਿਊ ਮੈਰਿਨਰ ਨੇ ਇੱਕ ਬਿਆਨ ਜਾਰੀ ਕਰ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਜਿਸ ਵਿੱਚ ਕਈ ਲੋਕਾਂ ਦੀ ਜਾਨ ਗਈ ਹੈ। ਅਸੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਨ੍ਹਾਂ ਦੇ ਨਾਲ ਅਸਲ ਵਿੱਚ ਹੋਇਆ ਕੀ ਸੀ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਸਮੇਂ ਦੇ ਅਨੁਸਾਰ ਰਾਤ 1:40 ਵਜੇ ਐਂਬੁਲੇਂਸ ਸਰਵਿਸ ਨੇ ਜਾਣਕਾਰੀ ਦਿੱਤੀ ਸੀ, ਜਿਨ੍ਹਾਂ ਨੂੰ ਵਾਟਰਗਲੇਡ ਇੰਡਸਟਰੀਅਲ ਪਾਰਕ ਦੇ ਨੇੜ੍ਹੇ ਇੱਕ ਟਰੱਕ ਕੰਟੇਨਰ ਮਿਲਿਆ ਸੀ ਜਿਸ ਵਿੱਚ ਲਾਸ਼ਾਂ ਸਨ।
ਉਨ੍ਹਾਂ ਕਿਹਾ ਕਿ ਅਸੀ ਲਾਸ਼ਾਂ ਦੀ ਪਹਿਚਾਣ ਕਰ ਰਹੇ ਹਾਂ ਹਾਲਾਂਕਿ ਸਾਨੂੰ ਲੱਗਦਾ ਹੈ ਕਿ ਇਸ ਵਿੱਚ ਕਾਫ਼ੀ ਸਮਾਂ ਲੱਗੇਗਾ। ਸਾਨੂੰ ਅਜਿਹਾ ਲਗ ਰਿਹਾ ਹੈ ਕਿ ਇਹ ਟਰੱਕ ਬੁਲਗਾਰੀਆ ਤੋਂ ਆਇਆ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਟਰੱਕ ਸ਼ਨੀਵਾਰ ਨੂੰ ਬ੍ਰਿਟੇਨ ‘ਚ ਹੋਲੀਲੈਂਡ ਦੇ ਰਸਤੇ ਦਾਖਲ ਹੋਇਆ ਹੋਵੇਗਾ ਜੋ ਕਿ ਆਇਰਲੈਂਡ ਤੋਂ ਆਉਣ-ਜਾਣ ਲਈ ਮੁੱਖ ਬੰਦਰਗਾਹ ਹੈ।