ਟੋਰਾਂਟੋ : ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਬੁੱਧਵਾਰ ਦੋ ਪੰਜਾਬੀ ਨੌਜਵਾਨਾਂ ਵਿਚਾਲੇ ਹੋਈ ਲੜਾਈ ਦੌਰਾਨ ਇਕ ਦੀ ਮੌਤ ਹੋ ਗਈ। ਟੋਰਾਂਟੋ ਪੁਲਿਸ ਵੱਲੋਂ 34 ਸਾਲ ਦੇ ਸ਼ਲਿੰਦਰ ਸਿੰਘ ਨੂੰ ਗ੍ਰਿਫਤਾਰ ਕਰਦਿਆਂ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ।
ਪੁਲਿਸ ਨੇ ਦੱਸਿਆ ਕਿ ਟੋਰਾਂਟੋ ਦੇ ਗੈਜੇਟ ਪਾਰਕ ਇਲਾਕੇ ‘ਚ ਦੋ ਵਿਅਕਤੀਆਂ ਦੀ ਲੜਾਈ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਫ਼ਸਰ ਮੌਕੇ ‘ਤੇ ਪੁੱਜੇ ਤਾਂ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹਾਲਤ ‘ਚ ਮਿਲਿਆ। ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ।
ਮ੍ਰਿਤਕ ਦੀ ਪਛਾਣ ਹਾਲੇ ਜਨਤਕ ਨਹੀਂ ਕੀਤੀ ਗਈ ਹੈ, ਪਰ ਰਿਪੋਰਟਾਂ ਮੁਤਾਬਕ ਮ੍ਰਿਤਕ ਪੰਜਾਬੀ ਮੂਲ ਦਾ ਹੀ ਦੱਸਿਆ ਜਾ ਰਿਹਾ ਹੈ। 34 ਸਾਲ ਦੇ ਸ਼ਲਿੰਦਰ ਸਿੰਘ ਬਾਰੇ ਵੀ ਪੁਲਿਸ ਵੱਲੋਂ ਫ਼ਿਲਹਾਲ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਹੈ। ਟੋਰਾਂਟੋ ਦੇ ਡਾਊਨ ਟਾਊਨ ਵਿਚ ਗੇਰਾਰਡ ਸਟ੍ਰੀਟ ਅਤੇ ਰਿਵਰ ਸਟ੍ਰੀਟ ਵਿਖੇ ਛੁਰੇਬਾਜ਼ੀ ਦੀ ਵਾਰਦਾਤ ਤੋਂ ਬਾਅਦ ਪੁਲਿਸ ਨੇ ਘੇਰਾਬੰਦੀ ਕਰ ਦਿੱਤੀ।