89.10 ਕਰੋੜ ਰੁਪਏ ਦੀ ਲਾਗਤ ਨਾਲ 318 ਹੜ ਰੋਕੂ ਕੰਮ ਕੀਤੇ ਮੁਕੰਮਲ: ਮੀਤ ਹੇਅਰ

Rajneet Kaur
3 Min Read

ਚੰਡੀਗੜ : CM ਮਾਨ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਨਿਰਦੇਸ਼ਾਂ ਤੋਂ ਬਾਅਦ ਸੂਬੇ ਦੇ ਕਿਸਾਨਾਂ ਨੂੰ ਦਹਾਕਿਆਂ ਬਾਅਦ ਨਹਿਰੀ ਪਾਣੀ ਮਿਲਿਆ ਹੈ। ਕਿਸਾਨੀ ਦੀ ਨਵੀਂ ਪੀੜੀ ਨੇ ਆਪਣੇ ਜੀਵਨ ਵਿੱਚ ਪਹਿਲੀ ਵਾਰ ਕੁਦਰਤ ਦੀ ਬਖਸ਼ਿਸ਼ ਨਹਿਰੀ ਪਾਣੀ ਨਾਲ ਆਪਣੇ ਖੇਤਾਂ ਨੂੰ ਸਿੰਜਦਿਆਂ ਵੇਖਿਆ ਹੈ। ਇਹ ਗੱਲ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਹੀ ਹੈ।

ਮੀਤ ਹੇਅਰ ਨੇ ਨਹਿਰੀ ਪਾਣੀ ਦੇ ਇਤਿਹਾਸਕ ਕੰਮ ਲਈ ਆਪਣੇ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਸੂਬੇ ਦੇ ਕਿਸਾਨੀ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਦਾ ਨੈਟਵਰਕ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਜਿੱਥੇ ਪਹਿਲੀ ਵਾਰ ਨਹਿਰੀ ਪਾਣੀ ਮਿਲ ਰਿਹਾ ਹੈ ਉਥੇ ਨਰਮਾ ਕਾਸ਼ਤਕਾਰਾਂ ਦੀ ਮੰਗ ਉਤੇ ਸਮੇਂ ਤੋਂ ਪਹਿਲਾਂ ਉਨਾਂ ਨੂੰ ਨਹਿਰੀ ਪਾਣੀ ਪਹੁੰਚਾਇਆ ਗਿਆ ਹੈ।

ਮੀਤ ਹੇਅਰ ਨੇ  ਦੱਸਿਆ ਕਿ ਪਿਛਲੇ ਕਈ ਦਹਾਕਿਆਂ ਤੋਂ ਨਹਿਰੀ ਪਾਣੀ ਨਾ ਮਿਲਣ ਕਾਰਨ ਸੂਬੇ ਵਿੱਚ ਬੰਦ ਕੀਤੇ ਸਿੰਜਾਈ ਵਾਲੇ 15741 ਨਹਿਰੀ ਖਾਲਾਂ ਵਿੱਚੋਂ 13471 ਖਾਲਾਂ ਨੂੰ ਜਲ ਸਰੋਤ ਵਿਭਾਗ ਨੇ ਪਿਛਲੇ ਢਾਈ ਮਹੀਨਿਆਂ ਦੌਰਾਨ ਬਹਾਲ ਕੀਤਾ। ਹੁਣ ਪੰਜਾਬ ਵਿੱਚ ਕੁੱਲ 47000 ਖਾਲਾਂ ਵਿੱਚੋਂ ਸਿਰਫ 2270 ਖਾਲਿਆਂ ਨੂੰ ਬਹਾਲ ਕਰਨਾ ਰਹਿੰਦਾ ਹੈ ਜਿਨਾਂ ਉਤੇ ਵੀ ਕੰਮ ਜੰਗੀ ਪੱਧਰ ਉਤੇ ਜਾਰੀ ਹੈ। ਉਨਾਂ ਕਿਹਾ ਕਿ ਪਿਛਲੇ ਲੰਬੇ ਅਰਸੇ ਤੋਂ ਨਹਿਰੀ ਪਾਣੀ ਨਾ ਮਿਲਣ ਕਾਰਨ ਲੋਕਾਂ ਵੱਲੋਂ ਇਹ ਖਾਲੇ ਬੰਦ ਕਰਕੇ ਪੱਧਰੇ ਕਰ ਦਿੱਤੇ ਗਏ ਸਨ। ਖਾਲਿਆਂ ਨੂੰ ਬਹਾਲ ਕਰਨ ਲਈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇਨਾਂ ਨੂੰ ਭਾਈਚਾਰਕ ਖਾਲਿਆਂ ਦੀ ਥਾਂ ਸਰਕਾਰੀ ਰੁਤਬਾ ਦਿੱਤਾ ਗਿਆ। ਇਸ ਤੋਂ ਇਲਾਵਾ 25 ਸਾਲ ਬਾਅਦ ਹੀ ਖਾਲਿਆਂ ਦੀ ਮੁਰੰਮਤ ਕਰਨ ਦੀ ਸ਼ਰਤ ਖਤਮ ਕੀਤੀ ਗਈ।

ਜਲ ਸਰੋਤ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਮਗਨਰੇਗਾ ਰਾਹੀਂ 200 ਕਰੋੜ ਰੁਪਏ ਦੀ ਲਾਗਤ ਨਾਲ ਇਨਾਂ ਬੰਦ ਪਏ ਖਾਲਿਆਂ ਨੂੰ ਬਹਾਲ ਕੀਤਾ ਗਿਆ। ਇਸੇ ਤਰਾਂ ਅਣਵਰਤੇ ਫੰਡਾਂ ਦੀ ਵਰਤੋਂ ਕੀਤੀ ਗਈ। ਪੰਜਾਬ ਵਿੱਚ 20 ਫੀਸਦੀ ਤੋਂ ਵੱਧ ਨਹਿਰਾਂ ਆਪਣੀ ਸਮਰੱਥਾ ਤੋਂ ਵੱਧ ਚੱਲ ਰਹੀਆਂ ਹਨ ਜਿਸ ਕਾਰਨ ਟੇਲਾਂ ਉਤੇ ਵੀ ਲੋੜੀਂਦਾ ਪਾਣੀ ਪਹੁੰਚ ਰਿਹਾ ਹੈ। ਭਾਖੜਾ ਮੇਨ ਲਾਈਨ, ਬਿਸਤ ਦੁਆਬ ਨਹਿਰ ਤੇ ਅੱਪਰਵਾਰੀ ਦੁਆਬ ਨਹਿਰ ਦੀ ਸਮਰੱਥਾ ਵਿੱਚ ਵਾਧਾ ਕੀਤਾ। ਉਨਾਂ ਕਿਹਾ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਪੁੱਜਦਾ ਕਰਨ ਲਈ ਵਿਭਾਗ ਦੇ ਪਟਵਾਰੀ ਤੋਂ ਲੈ ਕੇ ਐਕਸੀਅਨ ਤੱਕ ਖਾਲਿਆਂ ਦਾ ਨਿਰੰਤਰ ਨਿਰੀਖਣ ਕਰ ਰਹੇ ਹਨ। ਉਨਾਂ ਦੱਸਿਆ ਕਿ ਪਿਛਲੇ ਸਾਲ ਤੱਕ ਪੰਜਾਬ ਵਿੱਚ ਨਹਿਰੀ ਪਾਣੀ ਨਾਲ ਸਿਰਫ 21 ਫੀਸਦੀ ਸਿੰਜਾਈ ਕੀਤੀ ਜਾਂਦੀ ਸੀ ਜਦੋਂ ਕਿ ਬਾਕੀ 79 ਫੀਸਦੀ ਧਰਤੀ ਹੇਠਲੇ ਪਾਣੀ ਨਾਲ ਸਿੰਜਾਈ ਕੀਤੀ ਜਾਂਦੀ ਹੈ। ਨਵੀਂ ਪਹਿਲਕਦਮੀ ਨਾਲ ਨਹਿਰੀ ਪਾਣੀ ਨਾਲ ਸਿੰਜਾਈ ਦੇ ਰਕਬੇ ਵਿੱਚ ਚੋਖਾ ਵਾਧਾ ਹੋਵੇਗਾ।

 

 

Share This Article
Leave a Comment