ਵਾਹਨ ਟੈਕਸ ਅਦਾ ਨਾ ਕਰਨ ਕਾਰਨ ਬਾਦਲਾਂ ਦੀਆਂ 31 ਇੰਟੈਗ੍ਰਲ ਕੋਚ ਪਰਮਿਟ ਤੁਰੰਤ ਪ੍ਰਭਾਵ ਨਾਲ ਰੱਦ : ਟਰਾਂਸਪੋਰਟ ਮੰਤਰੀ

TeamGlobalPunjab
2 Min Read

ਕਿੰਨਾ ਹੀ ਵੱਡਾ ਰਸੂਖ਼ਦਾਰ ਹੋਵੇ ਬਖ਼ਸ਼ਿਆ ਨਹੀਂ ਜਾਵੇਗਾ: ਟਰਾਂਸਪੋਰਟ ਮੰਤਰੀ

ਚੰਡੀਗੜ੍ਹ : ਪੰਜਾਬ ਟਰਾਂਸਪੋਰਟ ਵਿਭਾਗ ਨੇ ਟੈਕਸਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੇਜੀ ਨਾਲ ਕਾਰਵਾਈ ਕਰਦਿਆਂ ਮੋਟਰ ਵਾਹਨ ਟੈਕਸ ਚੋਰੀ ਕਰਨ ਦੇ ਦੋਸ਼ ਹੇਠ 125 ਬੱਸ ਪਰਮਿਟ ਰੱਦ ਕਰ ਦਿੱਤੇ ਹਨ, ਜਿਨਾਂ ਵਿੱਚੋਂ 31 ਪਰਮਿਟ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਹਨ।

 ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਇਹ ਕਾਰਵਾਈ ਬਕਾਇਆ ਟੈਕਸਾਂ ਦਾ ਭੁਗਤਾਨ ਨਾ ਕਰਨ ਅਤੇ ਸਿਸਟਮ ਨੂੰ ਧੋਖਾ ਦੇ ਕੇ ਸਰਕਾਰੀ ਖਜ਼ਾਨੇ ਨੂੰ ਢਾਹ ਲਾਉਣ ਵਾਲੇ ਕਸੂਰਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਠੱਲ ਪਾਉਣ ਦੇ ਮੱਦੇਨਜ਼ਰ ਕੀਤੀ ਗਈ ਹੈ।

ਇਹ ਕਾਰਵਾਈ ਮੋਟਰ ਵਹੀਕਲ ਐਕਟ, 1988 ਦੀ ਧਾਰਾ 103 ਵਿੱਚ ਦਰਜ ਉਪਬੰਧਾਂ ਦੀ ਪਾਲਣਾ ਤਹਿਤ ਕੀਤੀ ਗਈ ਹੈ।

- Advertisement -

ਸੂਬੇ ਵਿੱਚ ਪਾਰਦਰਸ਼ੀ ਅਤੇ ਇੱਕਸਾਰ ਟਰਾਂਸਪੋਰਟ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਵੜਿੰਗ ਨੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਪਹਿਲ ਦੇ ਅਧਾਰ ’ਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ। ਉਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਗਲਤ ਕੰਮਾਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਆਰ.ਟੀ.ਏ ਅਥਾਰਟੀ ਬਠਿੰਡਾ ਵੱਲੋਂ ਟੈਕਸ ਡਿਫਾਲਟਰ ਹੋਣ ਕਾਰਨ ਬਾਦਲਾਂ ਨਾਲ ਸਬੰਧਤ 30 ਇੰਟੈਗ੍ਰਲ ਕੋਚ ਪਰਮਿਟ ਔਰਬਿਟ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਤੋਂ ਇਲਾਵਾ ਨਿਊ ਫਤਿਹ ਟਰੈਵਲਜ਼ ਦਾ ਇੱਕ ਪਰਮਿਟ ਵੀ ਰੱਦ ਕਰ ਦਿੱਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਮਨਦੀਪ ਟਰੈਵਲਜ ਦੇ 16 ਹੋਰ ਪਰਮਿਟ ਵੀ ਰੱਦ ਕਰ ਦਿੱਤੇ ਗਏ ਹਨ। ਨਿਊ ਫਤਿਹ ਬੱਸ ਸਰਵਿਸ ਵਿਰੁੱਧ ਇਸ ਸਾਲ ਜਨਵਰੀ ਤੋਂ ਟੈਕਸ ਦੀ ਦੇਣਦਾਰੀ ਹੈ, ਜਦ ਕਿ ਔਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਖਿਲਾਫ ਮਾਰਚ ਮਹੀਨੇ ਤੋਂ ਅਕਤੂਬਰ, 2021 ਤੱਕ ਟੈਕਸ ਜਮਾ ਕਰਾਉਣ ਵਿੱਚ ਦੇਰੀ ਕਰਨ ਲਈ ਕਾਰਵਾਈ ਕੀਤੀ ਗਈ ਹੈ।

ਇਸੇ ਤਰਾਂ ਦੀ ਕਾਰਵਾਈ ਕਰਦਿਆਂ, ਆਰ.ਟੀ.ਏ. ਅਥਾਰਟੀ ਫਰੀਦਕੋਟ ਨੇ 2 ਕਰੋੜ 62 ਲੱਖ ਰੁਪਏ ਦੀ ਬਕਾਇਆ ਟੈਕਸ ਰਾਸ਼ੀ ਵਾਲੇ 3 ਇੰਟੈਗ੍ਰਲ ਕੋਚ ਪਰਮਿਟਾਂ ਤੋਂ ਇਲਾਵਾ ਨਿਊ ਦੀਪ ਬੱਸ ਸਰਵਿਸ ਦੇ 73 ਆਮ ਬੱਸ ਪਰਮਿਟ ਰੱਦ ਕਰ ਦਿੱਤੇ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਮਾਲਵਾ ਬੱਸ ਸੇਵਾ ਦੇ 2 ਆਮ ਬੱਸ ਪਰਮਿਟ ਵੀ ਰੱਦ ਕਰ ਦਿੱਤੇ ਗਏ ਹਨ।

Share this Article
Leave a comment