ਲੰਦਨ: ਪੂਰਬੀ ਲੰਦਨ ਵਿੱਚ ਸਿੱਖ ਭਾਈਚਾਰੇ ਦੇ ਦੋ ਗੁੱਟਾਂ ਵਿੱਚ ਐਤਵਾਰ ਨੂੰ ਵਿਵਾਦ ਹੋ ਗਿਆ ਜਿਸ ‘ਚ ਤਿੰਨ ਪੰਜਾਬੀ ਨੌਜਵਾਨਾਂ ਦਾ ਧਾਰਦਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਮਰਨ ਵਾਲਿਆਂ ਵਿੱਚ ਪੰਜਾਬ ਦੇ ਪਟਿਆਲਾ ਦਾ ਹਰਿੰਦਰ ਕੁਮਾਰ, ਸੁਲਤਾਨਪੁਰ ਲੋਧੀ ਦਾ ਬਲਜੀਤ ਅਤੇ ਹੋਸ਼ਿਆਰਪੁਰ ਦਾ ਨਰਿੰਦਰ ਸਿੰਘ ਹੈ। ਮਿਲੀ ਜਾਣਕਾਰੀ ਮੁਤਾਬਕ ਤਿੰਨੇ ਪੰਜਾਬੀ ਉੱਥੇ ਕੰਸਟਰਕਸ਼ਨ ਦਾ ਕੰਮ ਕਰਦੇ ਸਨ।
ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਚੀਫ ਸੁਪਰਿੰਟੈਂਡੇਂਟ ਸਟੀਫਨ ਨੇ ਦੱਸਿਆ ਕਿ ਨੌਜਵਾਨਾਂ ਨੇ ਕੰਸਟਰਕਸ਼ਨ ਦਾ ਕੰਮ ਕੀਤਾ ਸੀ। ਜਿਸ ਤੋਂ ਬਾਅਦ ਪੈਸੇ ਮੰਗਣ ‘ਤੇ ਦੂੱਜੇ ਗੁਟ ਨਾਲ ਵਿਵਾਦ ਹੋ ਗਿਆ ਜੋ ਖੂਨੀ ਕਾਂਡ ਵਿੱਚ ਬਦਲ ਗਿਆ ਦੋਸ਼ੀਆਂ ਨੇ ਤਿੰਨੇ ਨੌਜਵਾਨਾਂ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਪਟਿਆਲਾ ਦੀ ਨਿਊ ਗਰੀਨ ਪਾਰਕ ਕਲੋਨੀ ਦੇ ਹਰਿੰਦਰ ਕੁਮਾਰ ਦੇ ਪਿਤਾ ਨੇ ਦੱਸਿਆ ਕਿ 2011 ਵਿੱਚ ਇਕਲੌਤੇ ਪੁੱਤ ਹਰਿੰਦਰ ਨੂੰ ਘਰ ਵੇਚਕੇ ਪੜਾਈ ਲਈ ਲੰਦਨ ਭੇਜਿਆ ਸੀ। ਉਸ ਦਾ ਉੱਥੇ ਕਿਸੇ ਨਾਲ ਕੋਈ ਲੜਾਈ-ਝਗੜਾ ਨਹੀਂ ਸੀ। ਹਰਿੰਦਰ ਦੀ ਸ਼ਨਾਖਤ ਲਈ ਪਰਿਵਾਰ ਦੇ ਕਿਸੇ ਵਿਅਕਤੀ ਨੂੰ ਲੰਦਨ ਜਾਣਾ ਪਵੇਗਾ ਪਰ ਪਰਵਾਰ ਖਰਚਾ ਚੁੱਕਣ ਵਿੱਚ ਅਸਮਰਥ ਹੈ।

ਉੱਥੇ ਹੀ ਸੁਲਤਾਨਪੁਰ ਲੋਧੀ ਦੇ ਬਲਜੀਤ ਦੀ ਮਾਂ ਭਜਨ ਕੌਰ ਨੇ ਦੱਸਿਆ ਕਿ 15 – 16 ਸਾਲ ਪਹਿਲਾਂ ਲੰਦਨ ਗਿਆ ਬਲਜੀਤ ਨੌਕਰੀ ਵਿੱਚ ਪੱਕਾ ਨਾ ਹੋਣ ਦੀ ਵਜ੍ਹਾ ਕਾਰਨ ਵਾਪਸ ਪਰਤ ਨਹੀਂ ਸਕਿਆ ਸੀ। ਉਹ ਹੁਣ ਪਰਤ ਕੇ ਘਰ ਬਣਵਾਉਣ ਦੀ ਗੱਲ ਕਹਿ ਰਿਹਾ ਸੀ।

ਹੁਸ਼ਿਆਰਪੁਰ ਦੇ ਪਿੰਡ ਆਦਮਵਾਲ ਦਾ ਨਰਿੰਦਰ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ। ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ 2011 ਵਿੱਚ ਨਰਿੰਦਰ ਸਟਡੀ ਵੀਜਾ ‘ਤੇ ਗਿਆ ਸੀ ਤੇ 2020 ਵਿੱਚ ਵਾਪਸ ਪਰਤਣ ਵਾਲਾ ਸੀ। ਉਸਦੇ ਦੋਸਤਾਂ ਨੇ ਹੁਣ ਕਦੇ ਨਾ ਆਉਣ ਦੀ ਸੂਚਨਾ ਦਿੱਤੀ। ਤਿੰਨਾਂ ਦੇ ਪਰਿਵਾਰਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।
