ਚੰਡੀਗੜ੍ਹ : ਜੰਮੂ-ਕਸ਼ਮੀਰ ਦੇ ਪੁੰਛ ‘ਚ ਅੱਜ ਸਵੇਰ ਤੋਂ ਹੀ ਅੱਤਵਾਦੀਆਂ ਦੇ ਨਾਲ ਚਲ ਰਹੇ ਮੁਕਾਬਲੇ ‘ਚ 5 ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋ ਗਏ। ਸ਼ਹੀਦ ਹੋਏ ਜਵਾਨਾਂ ‘ਚ 3 ਪੰਜਾਬ ਤੇ 1-1 ਯੂਪੀ ਤੇ ਕੇਰਲਾ ਤੋਂ ਹਨ।
ਸ਼ਹੀਦ ਹੋਏ ਜਵਾਨਾਂ ’ਚੋਂ ਇੱਕ ਜਵਾਨ ਮਨਦੀਪ ਸਿੰਘ ਜੋ ਕੇ ਗੁਰਦਾਸਪੁਰ ਦੇ ਪਿੰਡ ਚੱਠਾ ਦਾ ਰਹਿਣ ਵਾਲਾ ਸੀ। ਸ਼ਹੀਦ ਮਨਦੀਪ ਸਿੰਘ ਅਪਣੇ ਪਿੱਛੇ ਆਪਣੀ ਬਜ਼ੁਰਗ ਮਾਤਾ ਮਨਜੀਤ ਕੌਰ, ਪਤਨੀ ਮਨਦੀਪ ਕੌਰ ਅਤੇ ਦੋ ਪੁੱਤਰ ਛੱਡ ਗਿਆ ਹੈ, ਸ਼ਹੀਦ ਮਨਦੀਪ ਸਿੰਘ ਦਾ ਇੱਕ ਪੁੱਤਰ ਮੰਤਾਜ ਸਿੰਘ 4 ਸਾਲ ਅਤੇ ਦੂਜਾ ਪੁੱਤਰ ਗੁਰਕੀਰਤ ਸਿੰਘ ਹਾਲੇ ਸਿਰਫ 39 ਦਿਨ ਦਾ ਹੈ। ਮਨਦੀਪ ਸਿੰਘ ਦੇ ਘਰ ਕੁਝ ਦਿਨ ਪਹਿਲਾਂ ਹੀ ਖੁਸ਼ੀਆਂ ਆਈਆਂ ਸਨ ਅਤੇ 16 ਅਕਤੂਬਰ ਨੂੰ ਮਨਦੀਪ ਸਿੰਘ ਦਾ ਜਨਮਦਿਨ ਸੀ।

ਇਹਨਾਂ ‘ਚ ਨੂਰਪੁਰ ਬੇਦੀ ਦੇ ਪਚਰੰਡਾ ਪਿੰਡ ਦਾ ਸਿਪਾਹੀ ਗੱਜਨ ਸਿੰਘ ਵੀ ਸ਼ਾਮਲ ਹੈ। ਗੱਜਨ ਸਿੰਘ 23 ਸਾਲ ਦੀ ਉਮਰ ਵਿੱਚ ਦੇਸ਼ ਦੀ ਖਾਤਰ ਸ਼ਹੀਦੀ ਦਾ ਜਾਮ ਪੀ ਗਿਆ। ਗੱਜਨ ਦਾ ਵਿਆਹ ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ ਜੋ ਆਪਣੇ ਪਿੱਛੇ ਪਤਨੀ ਹਰਪ੍ਰੀਤ ਕੌਰ ਛੱਡ ਗਏ।

ਇਸ ਤੋਂ ਇਲਾਵਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਾਨਾਂ ਤਲਵੰਡੀ ਦਾ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਸ਼ਹੀਦ ਹੋਣ ਦਾ ਸਮਾਚਾਰ ਹੈ, ਜੋ ਆਪਣੇ ਪਿੱਛੇ ਪਤਨੀ ਸਰਦਾਰਨੀ ਰਾਜ ਕੌਰ ਅਤੇ ਧੀ ਸਿਮਰਜੀਤ ਕੌਰ ਛੱਡ ਗਏ।
