ਲੰਦਨ : ਬ੍ਰਿਟੇਨ ਦੇ ਰੀਡਿੰਗ ਸ਼ਹਿਰ ਦੇ ਇੱਕ ਪਾਰਕ ‘ਚ ਚਾਕੂ ਨਾਲ ਕੀਤੇ ਗਏ ਹਮਲੇ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ 2 ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਪੁਲਿਸ ਨੇ ਸ਼ਨੀਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਰੀਡਿੰਗ ਪੁਲਿਸ ਵੱਲੋਂ ਇਸ ਘਟਨਾ ਨਾਲ ਸਬੰਧਿਤ ਇੱਕ 25 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ਨੂੰ ‘ਬਲੈਕ ਲਾਈਵਜ਼ ਮੈਟਰ’ ਪ੍ਰੋਟੈਸਟ ਨਾਲ ਜੁੜਿਆ ਹੋਇਆ ਨਹੀਂ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਇਸ ਘਟਨਾ ਨੂੰ ਲੈ ਕੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਸੂਤਰਾਂ ਨੇ ਦੱਸਿਆ ਕਿ ਘਟਨਾ ਸਥਾਨ ‘ਤੇ 3 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀਆਂ ਨੂੰ ਰਾਇਲ ਬਰਕਸ਼ਾਇਰ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਫੋਰਬਰੀ ਗਾਡਰੰਸ ਪਾਰਕ ‘ਚ ਭਾਰਤੀ ਸਮੇਂ ਅਨੁਸਾਰ ਸ਼ਾਮ ਸੱਤ ਵਜੇ (11.30 ਵਜੇ) ਵਾਪਰੀ। ਫਿਲਹਾਲ ਪੁਲਿਸ ਇਸ ਘਟਨਾ ਨੂੰ ਦਹਿਸ਼ਤ ਨਾਲ ਜੋੜ ਕੇ ਨਹੀਂ ਮੰਨ ਰਹੀ ਹੈ। ਪਰ ਅੱਤਵਾਦ ਵਿਰੋਧੀ ਅਧਿਕਾਰੀਆਂ ਨੂੰ ਜਾਂਚ ਲਈ ਬੁਲਾਇਆ ਗਿਆ ਹੈ।
ਸੁਰੱਖਿਆ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਘਟਨਾ ਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਨੌਜਵਾਨ ਲੀਬੀਆ ਦਾ ਰਹਿਣ ਵਾਲਾ ਮੰਨਿਆ ਜਾ ਰਿਹਾ ਹੈ। ਟੇਮਜ਼ ਵੈਲੀ ਪੁਲਿਸ ਨੇ ਟਵੀਟ ਕੀਤਾ, “ਸਾਨੂੰ ਫੋਰਬਰੀ ਗਾਰਡਨ ਵਿਖੇ ਘਟਨਾ ਦੀ ਜਾਣਕਾਰੀ ਮਿਲੀ। ਕਾਨੂੰਨ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।” ਟੇਮਜ਼ ਵੈਲੀ ਪੁਲਿਸ ਦੇ ਜਾਸੂਸ ਚੀਫ ਆਫ ਸੁਪਰਡੈਂਟ ਇਆਨ ਹੰਟਰ ਨੇ ਕਿਹਾ ਕਿ ਉਹ ਹਮਲੇ ਦੇ ਸੰਬੰਧ ਵਿੱਚ ਕਿਸੇ ਹੋਰ ਵਿਅਕਤੀ ਦੀ ਭਾਲ ਨਹੀਂ ਕਰ ਰਹੇ ਹਨ। ਇਸ ਨੂੰ ਫਿਲਹਾਲ ਅੱਤਵਾਦੀ ਘਟਨਾ ਨਹੀਂ ਮੰਨਿਆ ਜਾ ਰਿਹਾ। ਇਸ ਘਟਨਾ ਦੇ ਪਿਛੇ ਕੀ ਕਾਰਨ ਸਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਫਰਵਰੀ ‘ਚ ਪੁਲਿਸ ਨੇ ਦੱਖਣੀ ਲੰਦਨ ‘ਚ ਚਾਕੂ ਨਾਲ ਹਮਲਾ ਕਰਨ ਵਾਲੇ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਇਸ ਘਟਨਾ ਵਿਚ ਕਈ ਲੋਕ ਜ਼ਖਮੀ ਵੀ ਹੋਏ ਸਨ।