ਨਿਊਜ਼ ਡੈਸਕ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਭਾਰਤੀ ਦੂਤਾਵਾਸ ਨੇ ਦੱਸਿਆ ਹੈ ਕਿ ਤਾਲਿਬਾਨ ਦੇ ਕਬਜ਼ੇ ਵਾਲੇ ਇਲਾਕੇ ਤੋਂ ਤਿੰਨ ਭਾਰਤੀ ਇੰਜੀਨੀਅਰਾਂ ਨੂੰ ਬਚਾਇਆ ਗਿਆ ਹੈ। ਇਹ ਇੰਜੀਨੀਅਰ ਇਕ ਡੈਮ ਪ੍ਰੋਜੈਕਟ ਸਾਈਟ ‘ਤੇ ਕੰਮ ਕਰ ਰਹੇ ਸਨ, ਜਿੱਥੋਂ ਇਨ੍ਹਾਂ ਨੂੰ ਏਅਰਲਿਫਟ ਕਰਕੇ ਸੁਰੱਖਿਅਤ ਥਾਂ ਤੱਕ ਪਹੁੰਚਾਇਆ ਗਿਆ ਹੈ।
12 ਅਗਸਤ ਨੂੰ ਭਾਰਤ ਸਰਕਾਰ ਨੇ ਅਫ਼ਗਾਨਿਸਤਾਨ ‘ਚ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਸੁਰੱਖਿਆ ਐਡਵਾਈਜ਼ਰੀ ਜਾਰੀ ਕੀਤੀ ਹੈ। ਅਫ਼ਗਾਨਿਸਤਾਨ ‘ਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਦੱਸੇ ਗਏ ਉਪਾਵਾਂ ਦਾ ਸਖ਼ਤੀ ਨਾਲ ਪਾਲਣ ਕਰਨ। ਅਫ਼ਗਾਨਿਸਤਾਨ ‘ਚ ਵੱਧ ਰਹੀ ਹਿੰਸਾ ਨੂੰ ਲੈ ਕੇ ਭਾਰਤ ਸਰਕਾਰ ਨੇ ਚੌਥੀ ਵਾਰ ਸੁਰੱਖਿਆ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ 29 ਜੂਨ ਫਿਰ 24 ਜੁਲਾਈ ਅਤੇ 10 ਅਗਸਤ ਨੂੰ ਵੀ ਭਾਰਤ ਸਰਕਾਰ ਨੇ ਸੁਰੱਖਿਆ ਐਡਵਾਈਜ਼ਰੀ ਜਾਰੀ ਕੀਤੀ ਸੀ। ਗਰਾਊਂਡ ਰਿਪੋਰਟ ਲਈ ਅਫ਼ਗਾਨਿਸਤਾਨ ਪਹੁੰਚ ਰਹੇ ਭਾਰਤੀ ਮੀਡੀਆ ਨਾਲ ਜੁੜੇ ਲੋਕਾਂ ਨੂੰ ਵਿਸ਼ੇਸ਼ ਸਲਾਹ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਪੱਤਰਕਾਰਾਂ ਨੂੰ ਆਪਣੇ ਅਫ਼ਗਾਨ ਤੋਰੇ ‘ਤੇ ਸੁਰੱਖਿਆ ਵਰਤਣੀ ਚਾਹੀਦੀ ਹੈ।
ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਗੀਚੀ ਨੇ 12 ਅਗਸਤ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤ ਅਫਗਾਨਿਸਤਾਨ ‘ਚ ਜਾਰੀ ਘਟਨਾਵਾਂ ਦਾ ਬਰੀਕੀ ਨਾਲ ਨਿਰੀਖਣ ਕਰ ਰਿਹਾ ਹੈ ਤੇ ਸੁਰੱਖਿਆ ਸਥਿਤੀ ਵਿਗੜਨ ਤੋਂ ਪਰੇਸ਼ਾਨ ਹੈ। ਸੁਰੱਖਿਆ ਨੂੰ ਲੈ ਕੇ ਪਰੇਸ਼ਾਨੀਆਂ ਅਜਿਹੇ ਵੇਲੇ ਉੱਠ ਰਹੀਆਂ ਹਨ ਜਦੋਂ ਕਤਰ ਦੀ ਰਾਜਧਾਨੀ ਦੋਹਾ ‘ਚ ਅਫ਼ਗਾਨ ਸ਼ਾਂਤੀ ਵਾਰਤਾ ‘ਚ ਕਈ ਪੱਖ ਮਿਲੇ ਹਨ ਅਤੇ ਸੁਰੱਖਿਆ ਬਿਆਨ ਜਾਰੀ ਕਰਕੇ ਅਫ਼ਗਾਨਿਸਤਾਨ ਸਰਕਾਰ ਅਤੇ ਤਾਲਿਬਾਨ ਦੇ ਵਿਚਾਲੇ ਸ਼ਾਂਤੀ ਨੂੰ ਤੇਜ਼ ਕਰਨ ਨੂੰ ਕਿਹਾ ਗਿਆ ਹੈ।