ਅਮਰੀਕਾ ਦੀ ਝੀਲ ‘ਚ ਡੁੱਬਣ ਕਾਰਨ ਤਿੰਨ ਭਾਰਤੀਆਂ ਦੀ ਮੌਤ

Prabhjot Kaur
3 Min Read

ਫਿਨਿਕਸ: ਅਮਰੀਕਾ ‘ਚ ਤਿੰਨ ਭਾਰਤੀਆਂ ਦੀ ਝੀਲ ‘ਚ ਡੁੱਬਣ ਕਾਰਨ ਮੌਤ ਹੋ ਗਈ। ਤਿੰਨ ਜਣੇ ਬਰਫ ਕਾਰਨ ਜੰਮੀ ਹੋਈ ਝੀਲ ‘ਤੇ ਸੈਰ ਕਰ ਰਹੇ ਸਨ ਕਿ ਅਚਾਨਕ ਬਰਫ਼ ਦੀ ਪਰਤ ਪਤਲੀ ਹੋਣ ਕਾਰਨ ਤਿੜਕ ਗਈ ਤੇ ਤਿੰਨੇ ਬਰਫੀਲੇ ਪਾਣੀ ਵਿੱਚ ਡਿੱਗ ਗਏ। ਐਰੀਜ਼ੋਨਾ ਸੂਬੇ ਦੀ ਕੋਕੋਨੀਨੋ ਕਾਊਂਟੀ ‘ਚ 26 ਦਸੰਬਰ ਨੂੰ ਵਾਪਰੇ ਹਾਦਸੇ ਤੋਂ ਬਾਅਦ ਦੋ ਦੀਆਂ ਮ੍ਰਿਤਕ ਦੇਹਾਂ ਮੰਗਲਵਾਰ ਨੂੰ ਝੀਲ ਵਿਚੋਂ ਕੱਢੀਆਂ ਜਾ ਸਕੀਆਂ। ਮ੍ਰਿਤਕਾਂ ਵਿਚੋਂ ਦੋ ਜਣੇ ਪਤੀ-ਪਤਨੀ ਸਨ ਜੋ ਆਪਣੇ ਪਿੱਛੇ ਦੋ ਬੱਚੀਆਂ ਛੱਡ ਗਏ। 7 ਸਾਲ ਅਤੇ 12 ਸਾਲ ਦੀਆਂ ਬੱਚੀਆਂ ਦੀ ਸੰਭਾਲ ਗੁਆਂਢੀ ਕਰ ਰਹੇ ਹਨ ਅਤੇ ਇਨ੍ਹਾਂ ਦੇ ਗਰੈਂਡ ਪੇਰੈਂਟਸ ਦੇ ਅਮਰੀਕਾ ਪਹੁੰਚਣ ਦੀ ਉਡੀਕ ਕੀਤੀ ਜਾ ਰਹੀ ਹੈ।

ਕੋਕੋਨੀਨੋ ਕਾਊਂਟੀ ਦੇ ਸ਼ੈਰਿਫ ਦਫ਼ਤਰ ਨੇ ਦੱਸਿਆ ਕਿ ਹਾਦਸਾ ਵੁਡਜ਼ ਕੈਨੀਅਲ ਲੇਕ ‘ਤੇ ਵਾਪਰਿਆ ਅਤੇ ਮਰਨ ਵਾਲਿਆਂ ਦੀ ਪਛਾਣ ਨਰਾਇਣਾ ਮੁਦਾਨਾ (49), ਗੋਕੁਲ ਮੇਦੀਸੇਤੀ (47) ਅਤੇ ਹਰੀਤਾ ਮੁਦਾਨਾ ਵਜੋਂ ਹੋਈ ਹੈ। ਪੁਲਿਸ ਮੁਤਾਬਕ ਪੰਜ-ਛੇ ਜਣਿਆਂ ਦਾ ਸਮੂਹ ਸੈਰ ਸਪਾਟੇ ਲਈ ਪੇਅਸਨ ਤੋਂ 34 ਮੀਲ ਪੂਰਬ ਵੱਲ ਸਥਿਤ ਵੁਡਜ਼ ਕੈਨੀਅਨ ਲੋਕ ਵੱਲ ਗਿਆ ਜਿਥੇ ਇਨ੍ਹਾਂ ਨੇ ਪੂਰਾ ਦਿਨ ਬਿਤਾਉਣਾ ਸੀ। ਤਸਵੀਰਾਂ ਖਿੱਚਣ ਲਈ ਨਾਰਾਇਣ ਅਤੇ ਹਰੀਤਾ ਬਿਹਤਰੀਨ ਜਗ੍ਹਾ ਦੀ ਤਲਾਸ਼ ਕਰਨ ਲੱਗੇ ਅਤੇ ਗੋਕੁਲ ਵੀ ਇਨ੍ਹਾਂ ਦੇ ਨਾਲ ਤੁਰ ਪਿਆ। ਇਸੇ ਦੌਰਾਨ ਬਰਫ਼ ਦੀ ਪਤਲੀ ਪਰਤ ਇਨ੍ਹਾਂ ਦਾ ਵਜ਼ਨ ਬਰਦਾਸ਼ਤ ਨਾ ਕਰ ਸਕੀ ਅਤੇ ਤਿੰਨੋਂ ਜਣੇ ਪਾਣੀ ਵਿਚ ਡਿੱਗ ਗਏ। ਇਨ੍ਹਾਂ ਦੇ ਦੋਸਤਾਂ ਵੱਲੋਂ ਤੁਰੰਤ ਐਮਰਜੰਸੀ ਕਾਮਿਆਂ ਨੂੰ ਸੱਦਿਆ ਗਿਆ ਜਿਨ੍ਹਾਂ ਨੇ ਹਰੀਤਾ ਨੂੰ ਝੀਲ ‘ਚੋਂ ਬਾਹਰ ਕੱਢ ਲਿਆ ਪਰ ਉਸ ਨੂੰ ਹੋਸ਼ ਵਿਚ ਲਿਆਉਣ ਦਾ ਕੋਈ ਯਤਨ ਸਫ਼ਲ ਨਾ ਹੋਇਆ ਅਤੇ ਮੌਕੇ ‘ਤੇ ਹੀ ਦਮ ਤੋੜ ਗਈ।

ਨਾਰਾਇਣ ਅਤੇ ਗੋਕੁਲ ਦੀਆਂ ਲਾਸ਼ਾਂ ਇਕ ਦਿਨ ਬਾਅਦ ਹੀ ਮਿਲੀਆਂ। ਇਹ ਤਿੰਨੇ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ ਜੋ ਫਿਨਿਕਸ ਦੇ ਨਾਲ ਲਗਦੇ ਚੈਂਡਲਰ ਇਲਾਕੇ ‘ਚ ਰਹਿੰਦੇ ਸਨ। ਨਾਰਾਇਣ ਅਤੇ ਹਰੀਤਾ ਦੇ ਗੁਆਂਢੀ ਕਿਸ਼ੋਰ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਕਿਸ਼ੋਰ ਨੇ ਦੱਸਿਆ ਕਿ ਨਾਰਾਇਣ ਅਤੇ ਉਸ ਦੇ ਬੱਚੇ ਇਕੋ ਸਕੂਲ ਵਿਚ ਪੜ੍ਹਦੇ ਹਨ। ਉਹ ਸਵੇਰ ਵੇਲੇ ਬੱਚਿਆਂ ਨੂੰ ਸਕੂਲ ਛੱਡ ਆਉਂਦਾ ਅਤੇ ਛੁੱਟੀ ਵੇਲੇ ਨਾਰਾਇਣ ਸਾਰਿਆਂ ਨੂੰ ਘਰ ਲੈ ਆਉਂਦਾ ਸੀ। ਹੁਣ ਨਾਰਾਇਣ ਅਤੇ ਹਰੀਤਾ ਦੀਆਂ ਬੱਚੀਆਂ ਦਾ ਅਮਰੀਕਾ ਵਿਚ ਕੋਈ ਨਹੀਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment