ਬਰੈਂਪਟਨ: ਕੈਨੇਡਾ ਵਿਚ ਪੰਜਾਬੀਆਂ ਦਾ ਗੜ੍ਹ ਮੰਨੇ ਜਾਣ ਵਾਲੇ ਇਲਾਕੇ ਬਰੈਂਪਟਨ ਦੇ ਨੇੜੇ ਥੰਡਰ ਬੇਅ ਹਾਈਵੇ ਤੇ ਦੋ ਟੈਂਕਰਾਂ ਦੀ ਭਿਆਨਕ ਟੱਕਰ ਹੋ ਗਈ। ਜਿਸ ਵਿੱਚ ਦੋ ਪੰਜਾਬੀ ਨੌਜਵਾਨਾਂ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਟੱਕਰ ਤੋਂ ਬਾਅਦ ਟਰੱਕ ਚਾਲਕ ਅੰਮ੍ਰਿਤਸਰ ਦੇ 23 ਸਾਲਾ ਨੌਜਵਾਨ ਕਰਮਬੀਰ ਤੇ ਉੁਨ੍ਹਾਂ ਦੇ 25 ਸਾਲਾ ਦੋਸਤ ਗੁਰਪ੍ਰੀਤ ਸਿੰਘ ਜ਼ਿੰਦਾ ਸੜ ਗਏ।
ਹਾਦਸੇ ਤੋਂ ਬਾਅਦ ਕੈਨੇਡਾ ਪੁਲਿਸ ਨੇ ਹਾਈਵੇ ਸੀਲ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕ ਕਰਮਬੀਰ ਸਿੰਘ ਕਰਮ ਦੇ ਚਚੇਰੇ ਭਰਾ ਰਮਨਦੀਪ ਸਿੰਘ ਰੋਜੀ ਨੇ ਦੱਸਿਆ ਕਿ ਕਰਮਬੀਰ ( 23 ) ਚਾਰ ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਨ੍ਹਾਂ ਦਾ ਪਰਿਵਾਰ ਸਰਹੱਦ ਦੇ ਨੇੜੇ ਗ੍ਰੰਥਗੜ੍ਹ ਵਿੱਚ ਰਹਿੰਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਥੋੜ੍ਹੀ ਦੂਰ ਥੰਡਰ ਵੇਅ ‘ਤੇ ਰਾਤ 10:30 ਵਜੇ ਉਸ ਦੇ ਟੈਂਕਰ ਦੀ ਦੂਜੇ ਟੈਂਕਰ ਨਾਲ ਟੱਕਰ ਹੋ ਗਈ। ਜਿਸ ਕਾਰਨ ਉਸ ਦੇ ਟੈਂਕਰ ਨੂੰ ਅੱਗ ਲੱਗ ਗਈ ਇਸ ਵਿੱਚ ਪੰਜਾਹ ਫ਼ੀਸਦੀ ਤੋਂ ਜ਼ਿਆਦਾ ਝੁਲਸ ਜਾਣ ਕਾਰਨ ਕਰਮਬੀਰ ਅਤੇ ਉਸਦੇ ਦੋਸਤ ਸਣੇ ਤਿੰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਰਮਬੀਰ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਉਸਦੇ ਪਿਤਾ ਪੰਜਾਬ ਪੁਲਿਸ ਵਿੱਚ ਸਹਾਇਕ ਸਭ ਇੰਸਪੈਕਟਰ ਹਨ।
ਜਾਣਕਾਰੀ ਦੇ ਮੁਤਾਬਕ, ਕਰਮਬੀਰ ਦੇ ਦੋਸਤ ਦੀ ਭੈਣ ਦਾ ਫਰਵਰੀ ਵਿੱਚ ਵਿਆਹ ਹੋਣਾ ਸੀ ਅਤੇ ਦੋਨਾਂ ਨੇ ਇੱਕਠੇ ਹੀ ਛੇ ਫਰਵਰੀ ਨੂੰ ਭਾਰਤ ਆਉਣਾ ਸੀ।
ਹਾਦਸੇ ਵਾਰੇ ਕੈਨੇਡਾ ਦੀ ਪੁਲਿਸ ਨੇ ਦੱਸਿਆ ਕਿ ਹਾਦਸਾ ਥੰਡਰਬੇਅ ਹਾਈਵੇ 11 / 17 ਉੱਤੇ ਜੰਕਸ਼ਨ 102 ਤੋਂ ਪੰਜ ਕਿਲੋਮੀਟਰ ਅੰਦਰ ਵੱਲ ਵਾਪਰਿਆ। ਪੁਲਿਸ ਵੱਲੋਂ ਹਾਲੇ ਤੀਜੇ ਮ੍ਰਿਤਕ ਦੀ ਸ਼ਨਾਖਤ ਨਹੀਂ ਕੀਤੀ ਗਈ ਹੈ।