ਵਾਸ਼ਿੰਗਟਨ: ਅਮਰੀਕਾ ਵਿਚ ਡਾਲਰ ਸ਼ਾਇਦ ਦਰੱਖਤਾਂ ਨੂੰ ਲਗਦੇ ਹਨ ਜਿਨ੍ਹਾਂ ਨੂੰ ਤੋੜਨ ਲਈ ਭਾਰਤੀ ਨੌਜਵਾਨ ਹਰ ਵੇਲ ਯਤਨਸ਼ੀਲ ਰਹਿੰਦੇ ਹਨ। ਅਮਰੀਕਾ ਸਰਕਾਰ ਭਾਵੇਂ ਉਨ੍ਹਾਂ ਨੂੰ ਡਿਪੋਰਟ ਵੀ ਕਰ ਦੇਵੇ ਪਰ ਉਹ ਮੁੜ ਉਥੇ ਪਹੁੰਚ ਜਾਂਦੇ ਹਨ। ਬਿਲਕੁਲ ਇਸੇ ਕਿਸਮ ਦਾ ਮਾਮਲਾ ਯੂ.ਐਸ. ਵਰਜਨ ਆਇਲੈਂਡ ’ਤੇ ਸਾਹਮਣੇ ਆਇਆ ਜਿਥੇ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਸ਼ੋਕ ਕੁਮਾਰ ਪਟੋਲ, ਨਿਕੁੰਜ ਕੁਮਾਰ ਪਟੇਲ ਅਤੇ ਕ੍ਰਿਸ਼ਨਾਬੇਨ ਪਟੇਲ ਨੂੰ ਯੂ.ਐਸ. ਵਰਜਨ ਆਇਲੈਂਡ ਦੇ ਹਵਾਈ ਅੱਡੇ ‘ਤੇ ਕਾਬੂ ਕੀਤਾ ਗਿਆ ਜਦੋਂ ਉਹ ਫ਼ਲਰੀਡਾ ਜਾਣ ਵਾਲੇ ਜਹਾਜ਼ ਵਿਚ ਚੜ ਰਹੇ ਸਨ। ਹੈਰਾਨ ਇਸ ਗੱਲ ਦੀ ਹੈ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕੀਤਾ ਜਾ ਚੁੱਕਾ ਹੈ ਪਰ ਫਿਰ ਕਿਸੇ ਨਾ ਕਿਸੇ ਤਰੀਕੇ ਇਥੋਂ ਤੱਕ ਪਹੁੰਚ ਗਏ ਅਤੇ ਆਖਰੀ ਫਲਾਈਟ ਤੋਂ ਪਹਿਲਾਂ ਇਮੀਗ੍ਰੇਸ਼ਨ ਵਾਲਿਆਂ ਨੂੰ ਪਤਾ ਲੱਗ ਗਿਆ।
ਦੋਸ਼ੀ ਠਹਿਰਾਏ ਜਾਣ ‘ਤੇ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ 10 ਸਾਲ ਤੱਕ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ।
ਤਿੰਨ ਜਣਿਆਂ ਨੂੰ 2 ਦਸੰਬਰ ਨੂੰ ਪਹਿਲੀ ਪੇਸ਼ੀ ਦੌਰਾਨ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕਰਦਿਆਂ ਅਮਰੀਕਾ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੇ ਦੋਸ਼ ਆਇਦ ਕੀਤੇ ਗਏ।
ਅਮਰੀਕੀ ਅਟਾਰਨੀ ਗਰੈਚਨ ਸ਼ੈਪਰਟ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਕੋਲ ਫ਼ਲੋਰੀਡਾ ਦੇ ਜਾਅਲੀ ਡਰਾਈਵਿੰਗ ਲਾਇਸੰਸ ਸਨ ਜਿਨ੍ਹਾਂ ਦੇ ਆਧਾਰ ‘ਤੇ ਇਨ੍ਹਾਂ ਨੇ ਜਹਾਜ਼ ਵਿਚ ਸਵਾਰ ਹੋਣ ਦਾ ਯਤਨ ਕੀਤਾ ਪਰ ਇਸੇ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਡਰਾਈਵਿੰਗ ਲਾਇਸੰਸਾਂ ’ਤੇ ਸ਼ੱਕ ਹੋ ਗਿਆ ਅਤੇ ਜਾਂਚ ਦੌਰਾਨ ਇਹ ਫ਼ਰਜ਼ੀ ਸਾਬਤ ਹੋਏ।
ਮੁਢਲੀ ਗ੍ਰਿਫ਼ਤਾਰੀ ਮਗਰੋਂ ਤਿੰਨਾਂ ਦੇ ਅਤੀਤ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ। ਸਰਕਾਰੀ ਰਿਕਾਰਡ ਤੋਂ ਪਤਾ ਲੱਗਿਆ ਕਿ ਅਗਸਤ 2019 ਵਿਚ ਇਨ੍ਹਾਂ ਨੂੰ ਕੈਲੇਫ਼ੋਰਨੀਆ ਤੋਂ ਗ੍ਰਿਫ਼ਤਾਰ ਕਰ ਕੇ ਭਾਰਤ। ਡਿਪੋਰਟ ਕੀਤਾ ਗਿਆ ਸੀ। ਇਕ ਵਾਰ ਡਿਪੋਰਟ ਕੀਤੇ ਜਾਣ ਮਗਰੋਂ ਮੁੜ ਅਮਰੀਕਾ ਦਾਖ਼ਲ ਹੋਣ ਦੇ ਯਤਨ ਕਰਨ ਵਾਲਿਆਂ ਵਿਰੁੱਧ ਅਪਰਾਧਕ ਦੋਸ਼ ਆਇਦ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਾਲਾਂਬੱਧੀ ਸਜ਼ਾ ਵੀ ਹੋ ਸਕਦੀ ਹੈ। ਹੁਣ 39 ਸਾਲ ਦੇ ਅਸ਼ੋਕ ਕੁਮਾਰ ਪਟੇਲ, 27 ਸਾਲ ਦੇ ਨਿਕੁੰਜ ਕੁਮਾਰ ਪਟੇਲ ਅਤੇ 25 ਸਾਲਾ ਕ੍ਰਿਸ਼ਨਾਬੇਨ ਪਟੇਲ ਨੂੰ ਕਿੰਨੀ ਸਜ਼ਾ ਸੁਣਾਈ ਜਾਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਅਮਰੀਕਾ ਵਿਚ ਕਦੇ ਦਾਖ਼ਲ ਨਹੀਂ ਹੋ ਸਕਣਗੇ।