ਨਿਊਜ਼ ਡੈਸਕ: ਕਪੂਰਥਲਾ ਜ਼ਿਲ੍ਹੇ ਦੇ ਬੇਗੋਵਾਲ ਕਸਬੇ ਨਾਲ ਸਬੰਧਤ 28 ਸਾਲਾ ਨੌਜਵਾਨ ਗੁਰਦੀਪ ਸਿੰਘ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਗੁਰਦੀਪ ਪੀਜ਼ਾ ਡਿਲੀਵਰੀ ਕਰਨ ਲਈ ਜਾ ਰਿਹਾ ਸੀ। ਇਸ ਦੌਰਾਨ ਬਾਈਕ ’ਤੇ ਆਏ ਕੁਝ ਹਮਲਾਵਰਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ।
ਗੁਰਦੀਪ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ, ਪਰ ਇਲਾਜ ਦੌਰਾਨ ਉਸਦੀ ਜਾਨ ਨਹੀਂ ਬਚ ਸਕੀ। 22 ਅਗਸਤ ਨੂੰ ਪਰਿਵਾਰ ਨੂੰ ਪੁੱਤ ਦੀ ਮੌਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ਅਤੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।
10 ਸਾਲ ਪਹਿਲਾਂ ਗਿਆ ਸੀ ਅਮਰੀਕਾ
ਗੁਰਦੀਪ ਸਿੰਘ ਕਪੂਰਥਲਾ ਦੇ ਬੇਗੋਵਾਲ ਇਲਾਕੇ ਦੇ ਪਿੰਡ ਜੱਬੋਵਾਲ ਦਾ ਰਹਿਣ ਵਾਲਾ ਸੀ। ਪਰਿਵਾਰ ਮੁਤਾਬਕ ਉਹ ਕਰੀਬ 10 ਸਾਲ ਪਹਿਲਾਂ ਕੰਮ ਕਰਨ ਲਈ ਅਮਰੀਕਾ ਗਿਆ ਸੀ। ਉੱਥੇ ਉਹ ਨਿਊਯਾਰਕ ਸ਼ਹਿਰ ਦੀ ਰਿਚਮੰਡ ਸਟਰੀਟ ਇਲਾਕੇ ਵਿੱਚ ਰਹਿੰਦਾ ਸੀ ਅਤੇ ਪਿਛਲੇ ਕੁਝ ਸਾਲਾਂ ਤੋਂ ਪੀਜ਼ਾ ਡਿਲੀਵਰੀ ਦਾ ਕੰਮ ਕਰ ਰਿਹਾ ਸੀ।
ਗੁਰਦੀਪ ਦੇ ਪਿਤਾ ਪਿਆਰਾ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਆਰਥਿਕ ਤੌਰ ’ਤੇ ਬਹੁਤ ਕਮਜ਼ੋਰ ਹੈ। ਪੁੱਤ ਨੂੰ ਅਮਰੀਕਾ ਭੇਜਣ ਲਈ ਪਰਿਵਾਰ ਨੇ ਕਰੀਬ 30 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਗੁਰਦੀਪ ਵਿਦੇਸ਼ ਵਿੱਚ ਮਿਹਨਤ ਕਰਕੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰੇਗਾ। ਉਹਦਿਹਾੜੀ ਮਜ਼ਦੂਰੀ ਕਰਦੇ ਹਨ ਅਤੇ ਉਨ੍ਹਾਂ ਕੋਲ ਆਪਣੀ ਕੋਈ ਜ਼ਮੀਨ ਵੀ ਨਹੀਂ ਹੈ। ਪਿਤਾ ਮੁਤਾਬਕ ਇੰਨੇ ਸਾਲ ਬੀਤਣ ਦੇ ਬਾਵਜੂਦ ਕਰਜ਼ਾ ਪੂਰੀ ਤਰ੍ਹਾਂ ਨਹੀਂ ਉਤਰ ਸਕਿਆ।
ਲੁੱਟ ਦੀ ਕੋਸ਼ਿਸ਼ ਦੌਰਾਨ ਗੋਲੀ ਮਾਰਨ ਦਾ ਦੋਸ਼
ਪਰਿਵਾਰ ਦਾ ਦਾਅਵਾ ਹੈ ਕਿ ਗੁਰਦੀਪ ਜਦੋਂ ਪੀਜ਼ਾ ਡਿਲੀਵਰੀ ਲਈ ਜਾ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਦੱਸਿਆ ਗਿਆ ਹੈ ਕਿ ਹਮਲਾਵਰ ਉਸ ਨੂੰ ਲੁੱਟਣ ਆਏ ਸਨ। ਲੁੱਟ ਵਿੱਚ ਕਾਮਯਾਬ ਨਾ ਹੋਣ ’ਤੇ ਉਨ੍ਹਾਂ ਨੇ ਗੁਰਦੀਪ ’ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਦੀ ਜਾਣਕਾਰੀ ਉਸ ਦੇ ਨਾਲ ਰਹਿੰਦੇ ਮਾਮੇ ਦੇ ਪੁੱਤਰ ਸਾਹਿਲ ਨੇ ਪਰਿਵਾਰ ਨੂੰ ਦਿੱਤੀ।
ਅਗਲੇ ਸਾਲ ਹੋਣਾ ਸੀ ਵਿਆਹ
ਗੁਰਦੀਪ ਸਿੰਘ ਅਜੇ ਕੁਆਰਾ ਸੀ ਅਤੇ ਪਰਿਵਾਰ ਮੁਤਾਬਕ ਅਗਲੇ ਸਾਲ ਜਨਵਰੀ ਜਾਂ ਫਰਵਰੀ ਵਿੱਚ ਉਸ ਦਾ ਵਿਆਹ ਹੋਣਾ ਸੀ। ਪਰਿਵਾਰ ਨੇ ਉਸ ਲਈ ਰਿਸ਼ਤਾ ਵੀ ਦੇਖਿਆ ਹੋਇਆ ਸੀ ਅਤੇ ਅਗਲੀ ਵਾਰ ਭਾਰਤ ਆਉਣ ’ਤੇ ਉਸ ਨੂੰ ਲੜਕੀ ਨਾਲ ਮਿਲਵਾਉਣਾ ਸੀ। ਪਰ ਵਿਆਹ ਤੋਂ ਪਹਿਲਾਂ ਹੀ ਇਹ ਦੁਖਦਾਈ ਘਟਨਾ ਵਾਪਰ ਗਈ।
ਗੁਰਦੀਪ ਦੇ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਉਸ ਦੀ ਮ੍ਰਿਤਕ ਦੇਹ ਜਲਦ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰ ਨੇ ਅਮਰੀਕੀ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਮਾਮਲੇ ਦੀ ਜਾਂਚ ਕਰਵਾਉਣ ਅਤੇ ਕਤਲ ਲਈ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦਿਵਾਉਣ ਦੀ ਵੀ ਮੰਗ ਕੀਤੀ ਹੈ।

