ਗੜ੍ਹਚਿਰੌਲੀ/ਮੁੰਬਈ : ਮਹਾਰਾਸ਼ਟਰ ਦੇ ਗੜ੍ਹਚਿਰੌਲੀ ‘ਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਮੁਕਾਬਲੇ ‘ਚ ਸੁਰੱਖਿਆ ਬਲਾਂ ਨੇ 26 ਨਕਸਲੀ ਮਾਰ ਸੁੱਟੇ ਹਨ। ਇਸ ਦੇ ਨਾਲ ਹੀ 3 ਜਵਾਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਉਨ੍ਹਾਂ ਨੂੰ ਇਲਾਜ ਲਈ ਨਾਗਪੁਰ ਦੇ ਔਰੇਂਜ ਸਿਟੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮੁਕਾਬਲੇ ਵਿੱਚ ਮਹਾਰਾਸ਼ਟਰ ਪੁਲਿਸ ਦੇ ਸੀ-60 ਯੂਨਿਟ ਦੇ ਕਮਾਂਡੋ ਸ਼ਾਮਲ ਸਨ।
ਜਾਣਕਾਰੀ ਦਿੰਦੇ ਹੋਏ ਗੜ੍ਹਚਿਰੌਲੀ ਦੇ ਐੱਸਪੀ ਅੰਕਿਤ ਗੋਇਲ ਨੇ ਦੱਸਿਆ ਕਿ ਮੁੰਬਈ ਤੋਂ 920 ਕਿਲੋਮੀਟਰ ਦੂਰ ਜ਼ਿਲੇ ਦੇ ਇਲੈਵਨਬੱਟੀ ਜੰਗਲੀ ਖੇਤਰ ਦੇ ਧਨੌਰਾ ‘ਚ ਸ਼ਨੀਵਾਰ ਸਵੇਰੇ ਪੁਲਿਸ ਟੀਮ ਦੇ ਸਰਚ ਆਪਰੇਸ਼ਨ ਦੌਰਾਨ ਇਹ ਮੁਕਾਬਲਾ ਹੋਇਆ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਨਕਸਲੀਆਂ ਨੇ ਪੁਲਿਸ ਮੁਲਾਜ਼ਮਾਂ ‘ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ।
ਉਨ੍ਹਾਂ ਕਿਹਾ, ”ਹੁਣ ਤੱਕ ਸਾਨੂੰ 26 ਨਕਸਲੀਆਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ।” ਸੁਪਰਡੈਂਟ ਅੰਕਿਤ ਗੋਇਲ ਨੇ ਦੱਸਿਆ ਕਿ ਅਸੀਂ ਹੁਣ ਤੱਕ ਜੰਗਲ ‘ਚੋਂ 26 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਹਾਲਾਂਕਿ ਮੁਕਾਬਲੇ ‘ਚ ਮਾਰੇ ਗਏ ਨਕਸਲੀਆਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਪੁਲਿਸ ਨੇ ਇੱਥੋਂ ਨਕਸਲੀ ਮੰਗਰੂ ਮੰਡਵੀ ਨੂੰ ਗ੍ਰਿਫਤਾਰ ਕੀਤਾ ਸੀ। ਇਸ ਨਕਸਲੀ ‘ਤੇ 2 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਨਕਸਲੀ ਮੰਗਰੂ ਖਿਲਾਫ ਕਤਲ ਅਤੇ ਪੁਲਸ ‘ਤੇ ਹਮਲਾ ਕਰਨ ਦੇ ਕਈ ਮਾਮਲੇ ਦਰਜ ਹਨ।