ਗੋਰਖਪੁਰ (ਯੂਪੀ) : ਦੇਸ਼ ਵਿੱਚ ਜਾਨਲੇਵਾ ਕੋਰੋਨਾਵਾਇਰਸ (ਕੋਵਿਡ-19) ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਵਿੱਚ ਹੀ ਅੱਜ ਉੱਤਰ ਪ੍ਰਦੇਸ਼ ਵਿੱਚ ਕੋਰੋਨਾਵਾਇਰਸ ਨਾਲ ਮੌਤ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਜੋ ਕਿ ਜ਼ਿਲ੍ਹਾ ਗੋਰਖਪੁਰ ਦੇ ਬਸਤੀ ਇਲਾਕੇ ਦਾ ਰਹਿਣ ਵਾਲਾ ਸੀ। ਦੇਸ਼ ਵਿੱਚ ਸਭ ਤੋਂ ਘੱਟ ਉਮਰ ਦੇ ਕੋਰੋਨਾ ਮਰੀਜ਼ ਦੀ ਮੌਤ ਦਾ ਇਹ ਪਹਿਲਾਂ ਮਾਮਲਾ ਹੈ। ਇਸ ਤੋਂ ਪਹਿਲਾਂ ਬਿਹਾਰ ਦੇ ਪਟਨਾ ਵਿੱਚ 38 ਸਾਲ ਦੇ ਵਿਅਕਤੀ ਦੀ ਕੋਰੋਨਾ ਸੰਕਰਮਣ ਨਾਲ ਮੌਤ ਹੋ ਗਈ ਸੀ।
ਮ੍ਰਿਤਕ ਨੌਜਵਾਨ ਨੂੰ 28 ਮਾਰਚ ਨੂੰ ਗੋਰਖਪੁਰ ਦੇ ਬੀਆਰਡੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ 29 ਮਾਰਚ ਨੂੰ ਉਸ ਨੂੰ ਗੋਰਖਪੁਰ ਦੇ ਮੈਡੀਕਲ ਕਾਲਜ ਵਿੱਚ ਰੈਫਰ ਕਰ ਦਿੱਤਾ ਗਿਆ ਸੀ। ਜਿਸ ਦੀ 30 ਮਾਰਚ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ। ਕੇਜੀਐੱਮਯੂ (KGMU) ਦੀ ਅੱਜ ਆਈ ਜਾਂਚ ਰਿਪੋਰਟ ਵਿੱਚ ਮ੍ਰਿਤਕ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਉੱਤਰ ਪ੍ਰਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ 104 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ਵਿਚੋਂ 17 ਲੋਕ ਠੀਕ ਹੋ ਚੁੱਕੇ ਹਨ ਤੇ ਇੱਕ ਦੀ ਮੌਤ ਹੋ ਗਈ ਹੈ।
ਜਿਸ ਤੋਂ ਬਾਅਦ ਲਖਨਊ ਦੇ ਮੈਡੀਕਲ ਕਾਲਜ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਡਾਕਟਰਾਂ, ਪੈਰਾ ਮੈਡੀਕਲ ਸਟਾਫ ਨੂੰ ਕੰਵਾਰਟੀਨ ਕਰ ਦਿੱਤਾ ਗਿਆ ਹੈ ਤੇ ਮ੍ਰਿਤਕ ਦੇ ਸੰਪਰਕ ਆਉਣ ਵਾਲੇ ਬਾਕੀ ਲੋਕਾਂ ਦੀ ਵੀ ਪਹਿਚਾਣ ਕੀਤੀ ਜਾ ਰਹੀ ਹੈ।
ਦੇਸ਼ ਵਿੱਚ ਜਾਨਲੇਵਾ ਕੋਰੋਨਾਵਾਇਰਸ ਦੇ ਹੁਣ ਤੱਕ 1650 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ 48 ਦੀ ਮੌਤ ਹੋ ਗਈ ਹੈ। ਵਿਸ਼ਵ ਪੱਧਰ ‘ਤੇ ਮੌਤ ਦਾ ਅੰਕੜਾ 41 ਹਜ਼ਾਰ ਤੋਂ ਪਾਰ ਹੋ ਗਿਆ ਹੈ। ਪੂਰੀ ਦੁਨੀਆਂ ਵਿੱਚ 8 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ।