ਗੋਰਾਇਆ: ਜਲੰਧਰ ਦੇ ਪਿੰਡ ਸਰਗੁੰਦੀ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਦੀ ਦੁਬਈ ‘ਚ ਸ਼ੱਕੀ ਹਾਲਤਾਂ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਲਗਭਗ 8 ਮਹੀਨੇ ਪਹਿਲਾਂ ਹੀ ਦੁਬਈ ‘ਚ ਚੰਗੀ ਜ਼ਿੰਦਗੀ ਦੀ ਭਾਲ ਲਈ ਗਿਆ ਸੀ।
ਪਰਿਵਾਰ ਦੀ 15 ਅਗਸਤ ਨੂੰ ਗਗਨਦੀਪ ਨਾਲ ਆਖਰੀ ਵਾਰ ਫੋਨ ਆਇਆ ਤੇ ਜਿਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਗਗਨਦੀਪ ਬੰਗਾ ਦੀ ਇਕ ਭੈਣ ਪੰਜਾਬ ਪੁਲਿਸ ‘ਚ ਭਰਤੀ ਹੈ ਜਦਕਿ ਇਕ ਭੈਣ ਦੁਬਈ ‘ਚ ਹੀ ਰਹਿੰਦੀ ਹੈ ਤੇ ਜੁੜਵਾ ਭਰਾ ਪਵਨਦੀਪ ਸ਼ਟਰਿੰਗ ਦਾ ਕੰਮ ਕਰਦਾ ਹੈ।
ਪਰਿਵਾਰ ਨੇ ਦੱਸਿਆ ਕਿ ਸੋਮਵਾਰ ਨੂੰ ਦੁਬਈ ‘ਚ ਰਹਿੰਦੀ ਉਨ੍ਹਾਂ ਦੀ ਧੀ ਨੇ ਗਗਨਦੀਪ ਦੀ ਮੌਤ ਸਬੰਧੀ ਪਰਿਵਾਰ ਨੂੰ ਜਾਣਕਾਰੀ ਦਿੱਤੀ। ਪਿਤਾ ਨੇ ਦੱਸਿਆ ਕਿ ਗਗਨਦੀਪ ਦੀ ਭਾਲ ‘ਚ ਉਨ੍ਹਾਂ ਦਾ ਛੋਟਾ ਪੁੱਤਰ ਪਵਨਦੀਪ ਸਿੰਘ 27 ਸਤੰਬਰ ਨੂੰ ਟੂਰਿਸਟ ਵੀਜ਼ੇ ‘ਤੇ ਦੁਬਈ ਗਿਆ ਸੀ ਪਰ ਕੋਈ ਪਤਾ ਨਾ ਲੱਗਣ ‘ਤੇ ਉਹ 23 ਅਕਤੂਬਰ ਨੂੰ ਵਾਪਸ ਇਥੇ ਆ ਗਿਆ।
ਪਵਨਦੀਪ ਨੇ ਦੱਸਿਆ ਕਿ ਦੁਬਈ ‘ਚ ਉਸ ਦੀ ਭੈਣ ਨੇ ਉੱਥੇ ਪੁਲਿਸ ‘ਚ ਸ਼ਿਕਾਇਤ ਦਿੱਤੀ ਹੋਈ ਸੀ, ਜਿਸ ਤੋਂ ਬਾਅਦ ਜਦੋਂ ਪੁਲਿਸ ਨੂੰ ਲਾਸ਼ ਬਰਾਮਦ ਹੋਈ ਜਿਸ ਦੀ ਹਾਲਤ ਬਹੁਤ ਖਰਾਬ ਚੁੱਕੀ ਸੀ ਅਤੇ ਭੈਣ ਦੇ ਡੀ. ਐੱਨ. ਏ. ਟੈਸਟ ਨਾਲ ਗਗਨਦੀਪ ਦੀ ਪਛਾਣ ਹੋ ਸਕੀ।
ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਗਨਦੀਪ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ ਤਾਂਕਿ ਉਸਦਾ ਆਪਣੇ ਅੰਤਿਮ ਸਸਕਾਰ ਕੀਤਾ ਜਾ ਸਕੇ।