ਬਰਮਾ : ਮਿਆਂਮਾਰ ‘ਚ ਫੌਜ ਦੇ ਤਖ਼ਤਾਪਲਟ ਖ਼ਿਲਾਫ਼ ਪਿਛਲੇ ਦੋ ਮਹੀਨੇ ਤੋਂ ਅੰਦੋਲਨ ਲਗਾਤਾਰ ਜਾਰੀ ਹੈ। ਇਸ ਅੰਦੋਲਨ ‘ਚ ਹੁਣ ਤੱਕ 550 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਲ ਹੀ ‘ਚ ਮਿਆਂਮਾਰ ਤਖ਼ਤਾਪਲਟ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਇਕ 22 ਸਾਲਾ ਮਹਿਲਾ ਕਾਫ਼ੀ ਚਰਚਾ ਵਿੱਚ ਹੈ।
22 ਸਾਲਾ ਮਿਆਂਮਾਰ ਦੀ ਮਾਡਲ ‘ਹੈਨ ਲੇ’ ਵਿਰੋਧ ਦਾ ਨਵਾਂ ਚਿਹਰਾ ਲੋਕਾਂ ਦੇ ਸਾਹਮਣੇ ਆਇਆ ਹੈ। ਹੈਨ ਲੇ ਪਿਛਲੇ ਹਫ਼ਤੇ ਕਰਵਾਏ ਗਏ ਮਿਸ ਗਰੈਂਡ ਇੰਟਰਨੈਸ਼ਨਲ ਬਿਊਟੀ ਪੀਜੈਂਟ ਤਾਂ ਨਹੀਂ ਜਿੱਤ ਸਕੀ ਪਰ ਉਨ੍ਹਾਂ ਨੇ ਬਿਊਟੀ ਕਾਨਟੈਸਟ ਦੀ ਸਟੇਜ ਤੋਂ ਅਜਿਹਾ ਨਾਅਰਾ ਲਾਇਆ ਜਿਸ ਨੂੰ ਪੂਰੀ ਦੁਨੀਆਂ ਯਾਦ ਕਰੇਗੀ। ਪੀਜੈਂਟ ਦੇ ਦੌਰਾਨ ਉਨ੍ਹਾਂ ਨੇ ਭਾਸ਼ਨ ਵਿੱਚ ਆਪਣੇ ਦੇਸ਼ ਦੇ ਲਈ ਦੁਨੀਆਂ ਤੋਂ ਮਦਦ ਦੀ ਗੁਹਾਰ ਲਗਾਈ।
ਜਿਹੜੇ ਦਿਨ ਹੈਨ ਲੇੇ ਨੇ ਪੂਰੇ ਸੰਸਾਰ ਤੋਂ ਮਦਦ ਦੀ ਗੁਹਾਰ ਲਗਾਈ ਸੀ, ਉਸ ਦਿਨ ਮਿਆਂਮਾਰ ਫ਼ੌਜ ਨੇ 141 ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰੀ ਸੀ। ਹੈਨ ਲੇੇ ਨੇ ਆਪਣੇ ਭਾਸ਼ਣ ਵਿਚ ਕਿਹਾ ਸੀ ਕਿ ਅੱਜ ਜਦੋਂ ਮੈਂ ਇਸ ਸਟੇਜ ‘ਤੇ ਹਾਂ ਤਾਂ ਮੇਰੇ ਦੇਸ਼ ‘ਚ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ, ਮੈਨੂੰ ਜਾਨ ਗਵਾਉਣ ਦੇ ਲਈ ਬਹੁਤ ਦੁੱਖ ਹੈ। ਹੈਨ ਲੇੇ ਨੇ ਅੱਗੇ ਕਿਹਾ ਸੀ ਕਿ ਹਰ ਕੋਈ ਆਪਣੇ ਦੇਸ਼ ‘ਚ ਖੁਸ਼ਹਾਲੀ, ਤਰੱਕੀ ਅਤੇ ਸ਼ਾਂਤੀਪੂਰਨ ਵਾਤਾਵਰਨ ਚਾਹੁੰਦਾ ਹੈ, ਪਰ ਸੱਤਾ ‘ਚ ਰਾਜ ਕਰਨ ਦੇ ਲਈ ਲੀਡਰ ਆਪਣੀ ਸ਼ਕਤੀ ਦਾ ਗਲਤ ਇਸਤੇਮਾਲ ਕਰ ਰਹੇ ਹਨ।