ਹਿਊਸਟਨ : ਅਮਰੀਕਾ ਦੇ ਹਿਊਸਟਨ ਸ਼ਹਿਰ ‘ਚ ਪਿਛਲੇ ਹਫ਼ਤੇ ਰੈਪਰ ਟ੍ਰੇਵਿਸ ਸਕੋਟ ਦੇ ਪ੍ਰੋਗਰਾਮ ਦੌਰਾਨ ਭਾਜੜ ਪੈਣ ਕਾਰਨ ਜ਼ਖ਼ਮੀ ਹੋਈ 22 ਸਾਲ ਦੀ ਭਾਰਤੀ ਸ਼ਾਹਾਨੀ ਨੇ ਦਮ ਤੋੜ ਦਿੱਤਾ ਹੈ। ਭਾਰਤੀ ਨੂੰ ਕਈ ਦਿਨ ਵੈਂਟੀਲੇਟਰ ‘ਤੇ ਰੱਖਣ ਤੋਂ ਬਾਅਦ ਡਾਕਟਰਾਂ ਨੇ ਬਰੇਨ ਡੈੱਡ ਕਰਾਰ ਦੇ ਦਿੱਤਾ।
ਭਾਰਤੀ ਸ਼ਾਹਾਨੀ ਆਪਣੀ ਭੈਣ ਨਮਰਤਾ ਅਤੇ ਕਜ਼ਨ ਮੋਹਿਤ ਬੇਲਾਨੀ ਨਾਲ ਸ਼ੋਅ ਦੇਖਣ ਗਈ ਪਰ ਅਚਾਨਕ ਪਈ ਭਾਜੜ ਨੇ ਉਸ ਨੂੰ ਆਪਣੀ ਭੈਣ ਅਤੇ ਮੋਹਿਤ ਤੋਂ ਵੱਖ ਕਰ ਦਿੱਤਾ। ਨਮਰਤਾ ਨੇ ਕਿਹਾ ਕਿ ਜਦੋਂ ਭਾਰਤੀ ਨਾਲ ਦੁਬਾਰਾ ਮੁਲਾਕਾਤ ਹੋਈ ਤਾਂ ਉਹ ਹਸਪਤਾਲ ਦੇ ਐਮਰਜੰਸੀ ਰੂਮ ‘ਚ ਸੀ। ਪੈਰਾਮੈਡਿਕਸ ਵੱਲੋਂ ਭਾਰਤੀ ਨੂੰ ਹਿਊਸਟਨ ਦੇ ਮੈਥੋਡਿਸਟ ਹਸਪਾਤਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ।
ਜ਼ਿਕਰਯੋਗ ਹੈ ਕਿ ਟੈਕਸਸ ਦੇ ਹਿਊਸਟਨ ਵਿਖੇ ਹੋਏ ਐਸਟਰੋਵਰਲਡ ਪ੍ਰੋਗਰਾਮ ‘ਚ ਰੈਪਰ ਟ੍ਰੈਵਿਸ ਸਕੌਟ ਦੀ ਆਵਾਜ਼ ਸੁਣਨ 50 ਹਜ਼ਾਰ ਤੋਂ ਵੱਧ ਲੋਕ ਪੁੱਜੇ ਹੋਏ ਸਨ ਅਤੇ ਸਟੇਜ ਨੇੜੇ ਹੰਗਾਮਾ ਹੋਣ ਤੋਂ ਬਾਅਦ ਉੱਥੇ ਭਾਜੜ ਪੈ ਗਈ। ਹਿਊਸਟਨ ਫ਼ਾਇਰ ਸਰਵਿਸ ਦੇ ਮੁਖੀ ਸੈਮੁਅਲ ਮੁਤਾਬਕ ਅਚਾਨਕ ਧੱਕਾ-ਮੁੱਕੀ ਸ਼ੁਰੂ ਹੋਣ ‘ਤੇ ਵੱਡੀ ਗਿਣਤੀ ‘ਚ ਲੋਕਾਂ ਨੂੰ ਸੰਭਾਲਣ ਦਾ ਮੌਕਾ ਨਹੀਂ ਮਿਲਿਆ ਅਤੇ ਕਈ ਲੋਕਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਤੇ ਕਈ ਲੋਕ ਜ਼ਖਮੀ ਹੋ ਗਏ।