ਨਿਊਜਰਸੀ/ਕਾਹਨੂੰਵਾਨ: ਅਮਰੀਕਾ ਦੇ ਨਿਊ ਜਰਸੀ ਸ਼ਹਿਰ ‘ਚ ਇਕ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਤ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਚੱਕ ਸ਼ਰੀਫ਼ ਦੇ 21 ਸਾਲਾ ਜਗਤਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਜਗਤਾਰ ਢਾਈ ਸਾਲ ਪਹਿਲਾਂ ਅਮਰੀਕਾ ਸੁਨਹਿਰੇ ਭਵਿੱਖ ਲਈ ਗਿਆ ਸੀ। ਉੱਥੇ ਉਹ ਹੁਣ ਟਰੱਕ ਡਰਾਇਵਰੀ ਕਰ ਰਿਹਾ ਸੀ। ਬੀਤੇ ਦਿਨੀਂ ਉਸ ਦੇ ਟਰੱਕ ਨਾਲ ਵੱਡਾ ਹਾਦਸਾ ਹੋ ਗਿਆ ਸੀ ਜਿਸ ਤੋਂ ਬਾਅਦ ਟਰੱਕ ਨੂੰ ਅੱਗ ਲੱਗ ਗਈ ਪਰ ਜਗਤਾਰ ਦਾ ਬਚਾਅ ਹੋ ਗਿਆ।
ਇਸ ਮੌਕੇ ਪੁਲਿਸ ਤੇ ਇੰਸ਼ੋਰੈਂਸ ਕੰਪਨੀ ਨੇ ਜਗਤਾਰ ਸਿੰਘ ਨੂੰ ਸੁਰੱਖਿਅਤ ਘਰ ਭੇਜ ਦਿੱਤਾ ਸੀ। ਉਸ ਦੇ ਦੋਸਤਾਂ ਨੇ ਦੱਸਿਆ ਕਿ ਉਨ੍ਹਾਂ ਜਦੋਂ ਸਵੇਰੇ ਦੇਖਿਆ ਤਾਂ ਜਗਤਾਰ ਸਿੰਘ ਆਪਣੇ ਕਮਰੇ ‘ਚ ਮ੍ਰਿਤਕ ਪਾਇਆ ਗਿਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਜਗਤਾਰ ਸਿੰਘ ਰਵੀ ਬਹੁਤ ਛੋਟੀ ਉਮਰ ਦਾ ਸੀ ਜਦੋਂ ਉਹ ਅਮਰੀਕਾ ਚਲਾ ਗਿਆ ਸੀ। ਇਸੇ ਤਰ੍ਹਾਂ ਉਸ ਦਾ ਦੂਸਰਾ ਭਰਾ ਵੀ ਅਮਰੀਕਾ ਗਿਆ ਸੀ ਜੋ ਕਿ ਦਸੰਬਰ 2019 ‘ਚ ਭਾਰਤ ਭੇਜੇ ਸੈਂਕੜੇ ਨੌਜਵਾਨਾਂ ਸਮੇਤ ਘਰ ਵਾਪਸ ਪਰਤ ਆਇਆ ਸੀ। ਜਗਤਾਰ ਸਿੰਘ ਦੀ ਛੋਟੀ ਉਮਰੇ ਮੌਤ ਦੀ ਖਬਰ ਨਾਲ ਪਿੰਡ ਚੱਕ ਸ਼ਰੀਫ ‘ਚ ਸੋਗ ਦੀ ਲਹਿਰ ਹੈ।