ਸਿਹਤ ਜਾਗਰੂਕਤਾ ਲਈ ਸਾਈਕਲ ਰੈਲੀ ਕੀਤੀ ਰਵਾਨਾ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਅਰਬਨ ਹੈਲਥ ਸੈਂਟਰ ਰਣਜੀਤ ਐਵਨਿਊ ਤੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਬੱਚਿਆਂ ਦੀ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਵਿਚ ਮੁੱਖ ਮਹਿਮਾਨ ਡਿਪਟੀ ਸੀ.ਐਮ. ਓਮ ਪ੍ਰਕਾਸ਼ ਸੋਨੀ ਵੱਲੋਂ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਕੋਰੋਨਾ ਦੀ ਤੀਸਰੀ ਲਹਿਰ ਦੇ ਮੁਕਾਬਲੇ ਵਾਸਤੇ ਸਰਕਾਰ ਤਿਆਰ-ਬਰ-ਤਿਆਰ ਹੈ, ਉਨ੍ਹਾਂ ਨੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਰਹਿਣ ਅਤੇ ਇਹਤਿਆਤ ਵਰਤਣ ਦੀ ਅਪੀਲ ਵੀ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੋਨੀ ਨੇ ਦੱਸਿਆ ਕਿ ਇਸ ਵਕਤ ਪੰਜਾਬ ਦੀ ਕੁੱਲ ਆਬਾਦੀ 2.80 ਕਰੋੜ ਦੇ ਕਰੀਬ ਹੈ ਜਿਸ ਵਿੱਚੋਂ 2.35 ਕਰੋੜ ਲੋਕਾਂ ਨੂੰ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਜਿਹੜੀ ਵੈਕਸੀਨ ਭੇਜੀ ਜਾ ਰਹੀ ਹੈ ਉਸ ਮੁਤਾਬਕ ਹੀ ਪੰਜਾਬ ਵਾਸੀਆਂ ਨੂੰ ਦੂਜੀ ਡੋਜ਼ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਦੀ ਤੀਸਰੀ ਲਹਿਰ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਕਰੜੇ ਇੰਤਜ਼ਾਮ ਕੀਤੇ ਗਏ ਹਨ ਵਿਸ਼ੇਸ਼ ਕਰ ਹਵਾਈ ਅੱਡਿਆਂ ਉੱਤੇ ਯਾਤਰੀਆਂ ਨੂੰ ਸਿਹਤ ਵਿਭਾਗ ਵੱਲੋਂ ਚੈੱਕ ਕਰਨ ਤੋਂ ਬਾਅਦ ਹੀ ਬਾਹਰ ਭੇਜਿਆ ਜਾ ਰਿਹਾ ਹੈ।
ਉਨ੍ਹਾਂ ਲੋਕਾਂ ਨੂੰ ਕੋਰੋਨਾ ਦੀ ਤੀਸਰੀ ਲਹਿਰ ਦੇ ਵਿੱਚ ਸਚੇਤ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਫਿਲਹਾਲ ਸਰਕਾਰ ਵੱਲੋਂ ਇਸ ਪ੍ਰਤੀ ਕੋਈ ਸਖ਼ਤੀ ਦਾ ਰਵੱਈਆ ਅਪਨਾਉਣ ਦਾ ਵਿਚਾਰ ਨਹੀਂ ਹੈ ।
ਇਸ ਮੌਕੇ ਸਿਵਲ ਸਰਜਨ ਡਾ: ਚਰਨਜੀਤ ਸਿੰਘ ਅਸਿਸਟੈਂਟ ਸਿਵਲ ਸਰਜਨ ਡਾ: ਅਮਰਜੀਤ ਸਿੰਘ, ਡਾ: ਕਰਨ ਮਹਿਰਾ, ਡਾ: ਮਦਨ ਮੋਹਨ, ਅਸਿਸਟੈਂਟ ਸਿਵਲ ਅਮਰਦੀਪ ਸਿੰਘ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਮੌਜੂਦ ਸਨ ।