1984 ਸਿੱਖ ਕਤਲੇਆਮ ਮਾਮਲੇ ‘ਚ ਦੋਸ਼ੀ ਯਾਦਵ ਨੂੰ SC ਨੇ ਨਹੀਂ ਦਿੱਤੀ ਰਾਹਤ

TeamGlobalPunjab
1 Min Read

ਨਵੀਂ ਦਿੱਲੀ: 1984 ਸਿੱਖ ਕਤਲੇਆਮ ਮਾਮਲੇ ‘ਚ ਦੋਸ਼ੀ ਸਾਬਕਾ ਵਿਧਾਇਕ ਮਹਿੰਦਰ ਯਾਦਵ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ ਨਹੀਂ ਮਿਲੀ ਹੈ। ਜੇਲ੍ਹ ਵਿੱਚ ਬੰਦ ਯਾਦਵ ਨੂੰ ਸੁਪਰੀਮ ਕੋਰਟ ਨੇ ਅੰਤ੍ਰਿਮ ਜ਼ਮਾਨਤ ਦੇਣ ਤੋਂ ਮਨਾਹੀ ਕਰ‍ ਦਿੱਤੀ ਹੈ। ਯਾਦਵ ਨੇ ਕੋਵਿਡ-19 ਪਾਜ਼ਿਟਿਵ ਹੋਣ ਅਤੇ ਜ਼ਿਆਦਾ ਉਮਰ ਹੋਣ ਦੇ ਆਧਾਰ ‘ਤੇ ਕੋਰਟ ਤੋਂ ਅੰਤ੍ਰਿਮ ਜ਼ਮਾਨਤ ਦੀ ਗੁਹਾਰ ਲਗਾਈ ਸੀ।

ਜਸਟਿਸ ਇੰਦਰਾ ਬੈਨਰਜੀ ਨੇ ਮਾਮਲੇ ‘ਚ ਸੁਣਵਾਈ ਕਰਦੇ ਹੋਏ ਕਿਹਾ ਕਿ ਯਾਦਵ ਦੇ ਇਲਾਜ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਦੇ ਪਰਿਵਾਰ ਨੂੰ ਇਲਾਜ ਨਾਲ ਸਬੰਧਤ ਕੋਈ ਸ਼ਿਕਾਇਤ ਨਹੀਂ ਹੈ। ਪਰਿਵਾਰ ਦਾ ਕੋਈ ਹੋਰ ਵਿਸ਼ੇਸ਼ ਸੁਝਾਅ ਨਹੀਂ ਹੈ ਜਿਸਨੂੰ ਉਹ ਲੈਣਾ ਚਾਹੁੰਦੇ ਹਨ। ਜਸਟਿਸ ਇੰਦਰਾ ਬੈਨਰਜੀ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਦੋ ਜੱਜਾਂ ਦੀ ਬੈਂਚ ਨੇ ਦੋਸ਼ੀ ਮਹਿੰਦਰ ਯਾਦਵ ਦੀ ਜ਼ਮਾਨਤ ਦੀ ਮੰਗ ‘ਤੇ ਸੁਣਵਾਈ ਕੀਤੀ।

ਦੱਸਣਯੋਗ ਹੈ ਕਿ 1984 ਵਿੱਚ ਹੋਏ ਸਿੱਖ ਵਿਰੋਧੀ ਕਤਲੇਆਮ ਮਾਮਲੇ ‘ਚ ਮੰਡੋਲੀ ਜੇਲ੍ਹ ‘ਚ ਬੰਦ ਸਾਬਕਾ ਵਿਧਾਇਕ ਮਹਿੰਦਰ ਯਾਦਵ ਕੋਰੋਨਾ ਸੰਕਰਮਿਤ ਪਾਏ ਗਏ ਹਨ। ਉਨ੍ਹਾਂ ਨੂੰ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਦੀਨਦਿਆਲ ਉਪਾਧਿਆਏ ਹਸਪਤਾਲ ‘ਚ ਭਰਤੀ ਕਰਵਾਇਆ। ਹਸਪਤਾਲ ‘ਚ ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਹੋਇਆ ਤਾਂ ਰਿਪੋਰਟ ਪਾਜ਼ਿਟਿਵ ਆਈ, ਹਾਲਤ ਵਿਗੜਨ ‘ਤੇ ਉਨ੍ਹਾਂ ਨੂੰ ਲੋਕਨਾਇਕ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ।

Share this Article
Leave a comment