ਬਰੈਂਪਟਨ: ਬਰੈਂਪਟਨ ਵਿਚ ਸੋਸ਼ਲ ਡਿਸਟੈਂਸਿੰਗ ਦੀ ਧੱਜੀਆਂ ਉਡਾਉਂਦੇ ਵੱਖ-ਵੱਖ ਥਾਵਾਂ `ਤੇ ਕ੍ਰਿਕਟ ਖੇਡ ਰਹੇ 18 ਨੌਜਵਾਨਾਂ ਖਿਲਾਫ ਮਿਉਂਸਪਲ ਅਫ਼ਸਰਾਂ ਵੱਲੋਂ ਕਾਰਵਾਈ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਤੇ ਪੰਜਾਬੀ ਦੱਸੇ ਜਾ ਰਹੇ ਹਨ।
ਪਹਿਲੀ ਘਟਨਾ ਤਹਿਤ ਕਰੈਡਿਟ ਵਿਊ ਅਤੇ ਮੇਅਫ਼ੀਲਡ ਰੋਡਜ਼ ਇਲਾਕੇ ਵਿਚ ਐਤਵਾਰ ਬਾਅਦ ਦੁਪਹਿਰ ਨੌਜਵਾਨਾਂ ਦੇ ਇਕ ਸਮੂਹ ਵੱਲੋਂ ਕ੍ਰਿਕਟ ਖੇਡਣ ਬਾਰੇ ਗੁਆਂਢੀਆਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਮਗਰੋਂ ਮਿਊਂਸਪਲ ਅਫ਼ਸਰ ਮੌਕੇ ‘ਤੇ ਪੁੱਜੇ ਅਤੇ ਪੁਲਿਸ ਨੂੰ ਵੀ ਸੱਦ ਲਿਆ।
ਇੰਸਟਾਗਰਾਮ ‘ਤੇ ਅਪਲੋਡ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਮੈਦਾਨ ਵਿਚ ਕੁਝ ਨੌਜਵਾਨ ਕ੍ਰਿਕਟ ਖੇਡ ਰਹੇ ਹਨ ਜਦਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼ਹਿਰ ਦੇ ਸਾਰੇ ਪਾਰਕ ਅਤੇ ਖੇਡ ਮੈਦਾਨ ਬੰਦ ਕਰ ਦਿਤੇ ਗਏ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਆਪਸ ਵਿਚ ਘੱਟੋ-ਘੱਟ ਦੋ ਮੀਟਰ ਦਾ ਫ਼ਾਸਲਾ ਰੱਖਣ ਦੇ ਹੁਕਮ ਵੀ ਦਿੱਤੇ ਗਏ ਹਨ। ਸਿਟੀ ਦੀ ਤਰਜਮਾਨ ਮੇਗਨ ਬੈਲ ਨੇ ਦੱਸਿਆ ਕਿ ਜਾਂਚ ਮਗਰੋਂ 11 ਜਣਿਆਂ ਵਿਰੁੱਧ ਐਮਰਜੰਸੀ ਮੈਨੇਜਮੈਂਟ ਐਂਡ ਸਿਵਲ ਪ੍ਰੋਟੈਕਸ਼ਨ ਐਕਟ ਅਧੀਨ ਕਾਰਵਾਈ ਕਰਦਿਆਂ ਸਭ ਨੂੰ 880 ਡਾਲਰ ਜੁਰਮਾਨਾ ਕੀਤਾ ਗਿਆ ਜਦਕਿ ਦੋ ਜਣੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਮੈਦਾਨ ਤੋਂ ਜਾ ਚੁੱਕੇ ਸਨ।
ਦੂਜੀ ਘਟਨਾ ਹਾਈਵੇਅ 407 ਨੇੜੇ 7575 ਕੈਨੇਡੀ ਰੋਡ ਤੇ ਸੀ.ਏ.ਏ. ਸੈਂਟਰ ਵਿਖੇ ਸ਼ਾਮ 4.30 ਵਜੇ ਸਾਹਮਣੇ ਆਈ ਜਿਥੇ ਸੱਤ ਜਣੇ ਕ੍ਰਿਕਟ ਖੇਡ ਰਹੇ ਸਨ। ਇਨ੍ਹਾਂ ਨੂੰ ਵੀ 880 ਡਾਲਰ ਜੁਰਮਾਨਾ ਕੀਤਾ ਗਿਆ।
ਕੌਂਸਟੇਬਲ ਬੈਨਕਰਾਫ਼ਟ ਰਾਈਟ ਨੇ ਦੱਸਿਆ ਕਿ ਮਿਊਂਸਪਲ ਅਫ਼ਸਰਾਂ ਵੱਲੋਂ ਨੌਜਵਾਨਾਂ ਵਿਰੁੱਧ ਕਾਰਵਾਈ ਲਈ ਪੁਲਿਸ ਨੂੰ ਬੁਲਾਇਆ ਗਿਆ ਸੀ। ਮੇਅਰ ਪੈਟਿਕ ਬਾਊਨ ਨੇ ਕਿਹਾ ਕਿ ਬਰੈਂਪਟਨ, ਓਨਟਾਰੀਓ ਦਾ ਪਹਿਲਾ ਸ਼ਹਿਰ ਹੈ ਜਿਥੇ ਫ਼ਿਜ਼ੀਕਲ ਡਿਸਟੈਂਸਿੰਗ ਦਾ ਨਿਯਮ ਲਾਗੂ ਕੀਤਾ ਗਿਆ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ 500 ਡਾਲਰ ਤੋਂ ਇਕ ਲੱਖ ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।