ਮੋਹਾਲੀ: ਮੋਹਾਲੀ ਦੇ 10 ਫੇਜ਼ ਵਿੱਚ ਰਹਿਣ ਵਾਲੇ 18 ਸਾਲ ਦੇ ਨੌਜਵਾਨ ਹਰਦਿੱਤ ਸਿੰਘ ਨੇ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਹਰਦਿੱਤ ਜਦੋਂ ਸਾਢੇ ਤਿੰਨ ਸਾਲ ਦਾ ਸੀ ਉਦੋਂ ਉਸਦੀ ਮਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਹਰਦਿੱਤ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਸੀ। ਦੂਜੀ ਪਤਨੀ ਤੋਂ ਹਰਜਿੰਦਰ ਦੇ ਦੋ ਬੇਟੇ ਹਨ। ਪੁਲਿਸ ਦਾ ਮੰਨਣਾ ਹੈ ਕਿ ਲੜਕੇ ਨੇ ਡਿਪਰੈਸ਼ਨ ਦੇ ਚਲਦੇ ਹੀ ਸੁਸਾਈਡ ਕੀਤੀ ਹੈ। ਐੱਸਐੱਚਓ ਕੁਲਬੀਰ ਕੰਗ ਨੇ ਕਿਹਾ ਕਿ ਫਿਲਹਾਲ ਪਿਤਾ ਦੇ ਬਿਆਨਾਂ ‘ਤੇ 174 ਦੇ ਤਹਿਤ ਕਾਰਵਾਈ ਕੀਤੀ ਹੈ।
ਘਟਨਾ ਦੇ ਸਮੇਂ ਹਰਦਿੱਤ ਦੀ ਮਤ੍ਰੇਈ ਮਾਂ ਛੋਟੇ ਬੇਟੇ ਨੂੰ ਸਕੂਲ ਤੋਂ ਲੈਣ ਲਈ ਗਈ ਸੀ ਘਰ ਵਿੱਚ ਉਸਦਾ ਇੱਕ ਭਰਾ ਸੀ। ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਹਰਦਿੱਤ ਸਮਝਦਾਰ ਅਤੇ ਅਨੁਸ਼ਾਸਨ ਵਿੱਚ ਰਹਿਣ ਵਾਲਾ ਬੱਚਾ ਸੀ। ਹਰਦਿੱਤ ਕ੍ਰਿਕੇਟ ਦਾ ਬਹੁਤ ਚੰਗਾ ਪਲੇਅਰ ਸੀ ਅਤੇ ਸਵੇਰੇ-ਸ਼ਾਮ ਪ੍ਰੈਕਟਿਸ ਕਰਨ ਲਈ ਜਾਂਦਾ ਸੀ। ਉੱਥੇ ਹੀ, ਸੈਂਟ ਜੋਹਨਸ ਸਕੂਲ ਨੇ ਵਿਦਿਆਰਥੀ ਹਰਦਿੱਤ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਸਕੂਲ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਤੇ 10ਵੀਂ ਦੇ ਪੇਪਰਾਂ ਨੂੰ ਅਗਲੇ ਆਦੇਸ਼ ਤੱਕ ਪੋਸਟਪੋਨ ਕਰ ਦਿੱਤਾ ਗਿਆ ਹੈ।
ਹਰਦਿੱਤ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਬਠਿੰਡੇ ਦੇ ਪਿੰਡ ਆਨੰਦਗੜ ਦੇ ਰਹਿਣ ਵਾਲੇ ਹਨ ਅਤੇ ਉਹ ਮੋਹਾਲੀ ਵਿੱਚ ਪ੍ਰਾਪਰਟੀ ਡੀਲਰ ਹਨ। ਹਰਦਿੱਤ ਚੰਡੀਗੜ੍ਹ ਸੈਕਟਰ – 26 ਦੇ ਸੈਂਟ ਜੋਹਨਸ ਸਕੂਲ ਵਿੱਚ 12ਵੀਂ ਜਮਾਤ ਦਾ ਆਰਟਸ ਦਾ ਵਿਦਿਆਰਥੀ ਸੀ। ਵੀਰਵਾਰ ਨੂੰ ਦੁਪਹਿਰ ਉਹ ਸਕੂਲ ਤੋਂ ਘਰ ਗਿਆ ਕਮਰੇ ‘ਚੋਂ ਪਿਤਾ ਦੀ ਲਾਈਸੈਂਸੀ ਰਿਵਾਲਵਰ ਚੁੱਕ ਕੇ ਬਾਥਰੂਮ ਵਿੱਚ ਲੈ ਗਿਆ। ਅੰਦਰੋਂ ਕੁੰਡੀ ਲਗਾ ਕੇ ਖੁਦ ਨੂੰ ਸਿਰ ਵਿੱਚ ਗੋਲੀ ਮਾਰ ਲਈ।