ਨਵੀਂ ਦਿੱਲੀ— ਰੇਲਵੇ ਪੁਲਸ ਬਲ (ਆਰ.ਪੀ.ਐੱਫ.) ਨੇ ਅਗਰਤਲਾ ਰੇਲਵੇ ਸਟੇਸ਼ਨ ‘ਤੇ 12 ਵਿਦੇਸ਼ੀ ਨਾਗਰਿਕਾਂ ਸਮੇਤ 16 ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ‘ਚ ਦਾਖਲ ਹੋਣ ਦੇ ਦੋਸ਼ ‘ਚ ਹਿਰਾਸਤ ‘ਚ ਲਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਸਟੇਸ਼ਨ ਇੰਚਾਰਜ ਰਾਣਾ ਚੈਟਰਜੀ ਨੇ ਦੱਸਿਆ ਕਿ ਇੱਕ ਸੂਚਨਾ ਦੇ ਆਧਾਰ ‘ਤੇ, ਆਰਪੀਐਫ ਨੇ ਸਟੇਸ਼ਨ ਤੋਂ ਤਿੰਨ ਬੱਚਿਆਂ ਸਮੇਤ ਕੁੱਲ 16 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਵਿੱਚ 12 ਵਿਦੇਸ਼ੀ ਨਾਗਰਿਕ, ਦੋ ਬੰਗਲਾਦੇਸ਼ੀ ਅਤੇ 10 ਰੋਹਿੰਗਿਆ ਹਨ।
ਪੁਲਸ ਨੇ ਦੱਸਿਆ ਕਿ ਹਿਰਾਸਤ ‘ਚ ਲਏ ਗਏ ਦੋਸ਼ੀਆਂ ‘ਚ ਮਾਧੋਪੁਰ ਦੇ ਅਭਿਜੀਤ ਦੇਬ ਨਾਂ ਦਾ ਇਕ ਵਿਚੋਲਾ ਵੀ ਸ਼ਾਮਲ ਹੈ। ਪੁਲਸ ਮੁਤਾਬਕ ਇਹ ਸਾਰੇ ਬੰਗਲਾਦੇਸ਼ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ‘ਚ ਦਾਖਲ ਹੋਏ ਸਨ। ਸਾਰਿਆਂ ਨੇ ਅਗਰਤਲਾ ਰੇਲਵੇ ਸਟੇਸ਼ਨ ਤੋਂ ਸਵੇਰੇ 8:05 ਵਜੇ ਕੰਚੇਨਜੰਗਾ ਐਕਸਪ੍ਰੈਸ ਰਾਹੀਂ ਕੋਲਕਾਤਾ ਜਾਣਾ ਸੀ।
ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਮੈਡੀਕਲ ਜਾਂਚ ਲਈ ਭੇਜਿਆ ਗਿਆ। ਇਨ੍ਹਾਂ ਖਿਲਾਫ ਵੀ ਵਿਸ਼ੇਸ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਕੇ ਉਨ੍ਹਾਂ ਦੇ ਨਾਜਾਇਜ਼ ਕਬਜ਼ੇ ਦਾ ਰਸਤਾ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।