ਸਲਾਨਾ ਗੱਤਕਾ ਮੁਕਾਬਲਿਆਂ ‘ਚ ਯੂਕੇ ਦੀਆਂ 15 ਟੀਮਾਂ ਨੇ ਲਿਆ ਹਿੱਸਾ

Rajneet Kaur
2 Min Read

ਹੇਜ਼, ਲੰਡਨ: 9ਵੀਂ ਯੂ.ਕੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ -2023 ਦੌਰਾਨ ਗੱਤਕੇਬਾਜ਼ਾਂ ਦੇ ਜੰਗਜੂ ਜੌਹਰ, ਸਮਰਪਣ ਅਤੇ ਖੇਡ ਹੁਨਰ ਦੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਮਾਨਚੈਸਟਰ ਓਵਰਆਲ ਚੈਂਪੀਅਨ ਬਣ ਕੇ ਉੱਭਰਿਆ ਜਦੋਂਕਿ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਟੀਮ ਉਪ ਜੇਤੂ ਰਹੀ। ਇਹ ਸਾਲਾਨਾ ਗੱਤਕਾ ਚੈਂਪੀਅਨਸ਼ਿਪ ਹੇਜ਼, ਲੰਡਨ ਦੇ ਗੁਰਦੁਆਰਾ ਨਾਨਕਸਰ ਗਰੀਬ ਨਿਵਾਜ ਦੇ ਮੈਦਾਨ ਵਿੱਚ ਸਫਲਤਾਪੂਰਵਕ ਸਮਾਪਤ ਹੋਈ ਜਿਸ ਵਿੱਚ ਬਰਤਾਨੀਆ ਦੇ ਵੱਖ-ਵੱਖ ਕਸਬਿਆਂ ਤੋਂ ਲੜਕੇ ਅਤੇ ਲੜਕੀਆਂ ਦੀਆਂ ਪੰਦਰਾਂ ਗੱਤਕਾ ਟੀਮਾਂ ਨੇ ਭਾਗ ਲਿਆ।

ਇਸ ਸਲਾਨਾ ਚੈਂਪੀਅਨਸ਼ਿਪ ਦਾ  ਤਨਮਨਜੀਤ ਸਿੰਘ ਢੇਸੀ ਐਮ.ਪੀ., ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ, ਵਰਿੰਦਰ ਸ਼ਰਮਾ ਐਮ.ਪੀ., ਹਰਜੀਤ ਸਿੰਘ ਗਰੇਵਾਲ ਪ੍ਰਧਾਨ ਵਿਸ਼ਵ ਗੱਤਕਾ ਫੈਡਰੇਸ਼ਨ, ਬਾਬਾ ਅਮਰਜੀਤ ਸਿੰਘ ਗੁਰਦੁਆਰਾ ਨਾਨਕਸਰ ਗਰੀਬ ਨਿਵਾਜ ਅਤੇ ਡੇਵਿਡ ਬਰੋਗ ਹੇਜ ਟਾਊਨਸ਼ਿੱਪ ਨੇ ਸਾਂਝੇ ਤੌਰ ਤੇ ਉਦਘਾਟਨ ਕੀਤਾ ਹੈ। ਉਦਘਾਟਨ ਤੋਂ ਪਹਿਲਾਂ ਟੂਰਨਾਮੈਂਟ ਦੀ ਸਫਲਤਾ ਖਾਤਿਰ ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਲਈ ਅਰਦਾਸ ਵੀ ਕੀਤੀ ਗਈ।

ਐਮ.ਪੀ ਤਨਮਨਜੀਤ ਸਿੰਘ ਢੇਸੀ ਨੇ ਸਮੂਹ ਸੰਗਤਾਂ ਤੇ ਮਦਦ ਦੇਣ ਵਾਲੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ  ਯੂ.ਕੇ. ਵਿੱਚ ਗੱਤਕਾ ਸੰਸਥਾ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਅਗਲੇ ਵਰ੍ਹੇ ਇਹ ਟੂਰਨਾਮੈਂਟ ਦੇਸ਼ ਦੇ ਗੱਤਕਾ ਖਿਡਾਰੀਆਂ ਲਈ ਹੋਰ ਵੀ ਮਹੱਤਵਪੂਰਨ ਉਪਰਾਲਾ ਸਾਬਿਤ ਹੋਵੇਗਾ। ਹਰਜੀਤ ਸਿੰਘ ਗਰੇਵਾਲ, ਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਵੀ ਹਨ, ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਵਿਰਾਸਤ ਨਾਲ ਜੋੜੀ ਰੱਖਣ ਲਈ ‘ਤਿੰਨ ਗੱਗਿਆਂ’ – ਗੁਰਮੁਖੀ, ਗੁਰਬਾਣੀ ਅਤੇ ਗੱਤਕਾ – ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੁਨੀਆ ਭਰ ਦੇ ਸਮੂਹ ਗੁਰਦੁਆਰਿਆਂ ਨੂੰ ਇਨ੍ਹਾਂ ‘ਤਿੰਨ ਗੱਗਿਆਂ’ ਭਾਵ ‘ਥ੍ਰੀ ਜੀ’ ਲਈ ਮੁੱਖ ਸਿਖਲਾਈ ਕੇਂਦਰ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਗੱਤਕਾ ਫੈਡਰੇਸ਼ਨ ਯੂ.ਕੇ ਵੱਲੋਂ ਪਹਿਲੀ ਵਾਰ ਟੂਰਨਾਮੈਂਟ ਦੌਰਾਨ ਸੈਂਸਰਾਂ ਰਾਹੀਂ ਡਿਜੀਟਲ ਸਕੋਰਿੰਗ ਪ੍ਰਣਾਲੀ ਲਾਗੂ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਇਸ ਤਰ੍ਹਾਂ ਦੇ ਡਿਜੀਟਲ ਸਕੋਰਿੰਗ ਸਿਸਟਮ ਕੁੱਝ ਸੁਧਾਰ ਕਰਕੇ ਹੋਰਨਾਂ ਦੇਸ਼ਾਂ ਵਿੱਚ ਵੀ ਲਾਗੂ ਕਰੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

TAGGED:
Share this Article
Leave a comment