ਹਰਿਆਣਾ ਦੇ ਸੀਨੀਅਰ IPS ਅਧਿਕਾਰੀ ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ ਵਿੱਚ ਵੀਰਵਾਰ ਰਾਤ ਡੀਜੀਪੀ ਸ਼ਤਰੁਜੀਤ ਕਪੂਰ ਅਤੇ ਰੋਹਤਕ ਐਸਪੀ ਨਰਿੰਦਰ ਬਿਜਾਰਣੀਆ ਸਮੇਤ 14 ਅਧਿਕਾਰੀਆਂ ਵਿਰੁੱਧ ਐਫਆਈਆਰ ਦਰਜ ਕਰ ਲਈ ਗਈ ਹੈ। ਚੰਡੀਗੜ੍ਹ ਪੁਲਿਸ ਨੇ ਸੁਸਾਇਡ ਨੋਟ ਨੂੰ ਆਧਾਰ ਬਣਾਉਂਦਿਆਂ ਸੈਕਟਰ-11 ਥਾਣੇ ਵਿੱਚ ਭਾਰਤ ਨਿਆਂ ਸੰਹਿਤਾ (BNS) ਦੀ ਧਾਰਾ 108, 3(5) ਅਤੇ ਐਸਸੀ/ਐਸਟੀ ਐਕਟ ਦੀ ਧਾਰਾ 3(1)(r) ਅਧੀਨ 156 ਨੰਬਰ ਦੀ ਐਫਆਈਆਰ ਦਰਜ ਕੀਤੀ ਹੈ।
ਇਸ ਵਿੱਚ ਖਾਸ ਗੱਲ ਇਹ ਹੈ ਕਿ ਵੀਰਵਾਰ ਤੱਕ ਪੂਰਨ ਕੁਮਾਰ ਦੇ ਪਰਿਵਾਰ ਵੱਲੋਂ 15 ਅਧਿਕਾਰੀਆਂ ‘ਤੇ ਦੋਸ਼ ਲਗਾਏ ਗਏ ਸਨ, ਜਿਨ੍ਹਾਂ ਵਿੱਚ ਮੁੱਖ ਸਕੱਤਰ ਅਨੁਰਾਗ ਰਸਤੋਗੀ ਦਾ ਨਾਮ ਵੀ ਸ਼ਾਮਲ ਸੀ। ਪਰ, ਐਫਆਈਆਰ ਵਿੱਚ ਉਨ੍ਹਾਂ ਦਾ ਨਾਮ ਸ਼ਾਮਲ ਨਹੀਂ ਹੈ। ਹਰਿਆਣਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਮਾਮਲੇ ਵਿੱਚ ਡੀਜੀਪੀ ਸਮੇਤ 14 ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਰਿਪੋਰਟ ਦਰਜ ਹੋਈ ਹੈ।
IPS ਪੂਰਨ ਦੀ IAS ਪਤਨੀ ਅਮਨੀਤ ਪੀ. ਕੁਮਾਰ ਨੇ ਇਸ ਐਫਆਈਆਰ ‘ਤੇ ਇਤਰਾਜ ਜਤਾਇਆ ਹੈ। ਉਨ੍ਹਾਂ ਨੇ ਚੰਡੀਗੜ੍ਹ ਪੁਲਿਸ ਨੂੰ ਅਰਜ਼ੀ ਦੇ ਕੇ ਕਿਹਾ ਕਿ ਐਫਆਈਆਰ ਵਿੱਚ ਮੁਲਜ਼ਮ ਅਧਿਕਾਰੀਆਂ ਦੇ ਨਾਮ ਇਕੱਠੇ ਕਾਲਮ ਵਿੱਚ ਨਹੀਂ ਲਿਖੇ ਗਏ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਐਫਆਈਆਰ ਨੂੰ ਫਿਕਸਡ ਫਾਰਮੈਟ ਵਿੱਚ ਲਿਖਿਆ ਜਾਵੇ। ਇਸ ਸਬੰਧੀ ਉਨ੍ਹਾਂ ਦੀ ਚੰਡੀਗੜ੍ਹ ਦੀ SSP ਕੰਵਰਦੀਪ ਕੌਰ ਨਾਲ ਗੱਲਬਾਤ ਵੀ ਹੋਈ ਹੈ।
ਇਸ ਦੌਰਾਨ ਹਰਿਆਣਾ ਬਿਊਰੋਕਰੇਸੀ ਵਿੱਚ ਸ਼ਾਮਲ SC ਵਰਗ ਦੇ IAS-IPS ਅਤੇ HCS ਅਧਿਕਾਰੀ ਪੂਰਨ ਕੁਮਾਰ ਦੇ ਪਰਿਵਾਰ ਦੇ ਨਾਲ ਖੁੱਲ੍ਹ ਕੇ ਖੜੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪੂਰਨ ਕੁਮਾਰ ਨੂੰ ਰੋਹਤਕ ਰੇਂਜ ਦੇ IG ਵਰਗੀ ਮੁੱਖ ਪੋਸਟਿੰਗ ਮਿਲਣ ਤੋਂ ਕਈ ਵੱਡੇ ਅਧਿਕਾਰੀ ਨਾਰਾਜ਼ ਸਨ ਅਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਡਾਉਨ ਕਰਨਾ ਚਾਹੁੰਦੇ ਸਨ। ਇਹੀ ਅਧਿਕਾਰੀ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਸਨ ਅਤੇ ਸੀਨੀਓਰਟੀ ਨੂੰ ਇਗਨੋਰ ਕਰਕੇ ਉਨ੍ਹਾਂ ਨੂੰ ਖੁਡੇਲਾਈਨ ਪੋਸਟਿੰਗਾਂ ਦਿੱਤੀਆਂ ਜਾ ਰਹੀਆਂ ਸਨ।