ਸੈਂਟਰਲ ਵਿਸਟਾ ਪ੍ਰੋਜੈਕਟ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ
ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦਾ ਸੰਕਟ ਲਗਾਤਾਰ ਵੱਧਦਾ ਜਾ ਰਿਹਾ ਹੈ। ਰਾਜ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਤੱਕ, ਇਸ ਖਤਰਨਾਕ ਵਾਇਰਸ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ, ਪਰ ਕਦੇ ਆਕਸੀਜ਼ਨ ਦੀ ਕਿੱਲਤ ਕਦੇ ਵੈਕਸੀਨ ਦੀ ਘਾਟ ਅੜਿੱਕਾ ਖੜਾ ਕਰ ਰਹੀ ਹੈ। ਇਸ ਦੌਰਾਨ, 12 ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ । ਇਸ ਚਿੱਠੀ ਵਿੱਚ ਕੋਰੋਨਾ ਨਾਲ ਨਜਿੱਠਣ ਲਈ 9 ਸੁਝਾਅ ਦਿੱਤੇ ਗਏ ਹਨ।
ਇਨ੍ਹਾਂ 9 ਅਹਿਮ ਸੁਝਾਵਾਂ ਵਿੱਚ ਸੈਂਟਰਲ ਵਿਸਟਾ ਪ੍ਰੋਜੈਕਟ ਦੇ ਨਿਰਮਾਣ ਨੂੰ ਰੋਕਣ ਅਤੇ ਦੇਸ਼ ਭਰ ਵਿੱਚ ਮੁਫਤ ਟੀਕਾਕਰਨ ਦੀ ਮੰਗ ਕੀਤੀ ਗਈ ਹੈ। ਇਸਦੇ ਨਾਲ ਹੀ ਦੇਸ਼ ਵਿੱਚ ਟੀਕੇ ਦੀ ਘਾਟ ਦੀ ਸਮੱਸਿਆ ਨੂੰ ਹੱਲ ਕਰਨ ਸੰਬੰਧੀ ਕਦਮ ਚੁੱਕਣ ਲਈ ਵੀ ਕਿਹਾ ਗਿਆ ਹੈ।
12 ਵਿਰੋਧੀ ਧਿਰਾਂ ਵੱਲੋਂ ਲਿਖੇ ਇਸ ਪੱਤਰ ਵਿੱਚ,
ਸੋਨੀਆ ਗਾਂਧੀ (ਕਾਂਗਰਸ)
ਐਚਡੀ ਦੇਵੀ ਗੌੜਾ (ਜੇਡੀ-ਐਸ)
ਸ਼ਰਦ ਪਵਾਰ (ਐਨਸੀਪੀ)
ਉੱਧਵ ਠਾਕਰੇ (ਸ਼ਿਵ ਸੈਨਾ)
ਮਮਤਾ ਬੈਨਰਜੀ (ਟੀਐਮਸੀ)
ਐਮ ਕੇ ਸਟਾਲਿਨ (ਡੀਐਮਕੇ)
ਹੇਮੰਤ ਸੋਰੇਨ (ਜੇ ਐਮ ਐਮ)
ਅਖਿਲੇਸ਼ ਯਾਦਵ (ਸਪਾ)
ਫਾਰੂਕ ਅਬਦੁੱਲਾ (ਜੇਕੇਪੀਏ)
ਤੇਜਸਵੀ ਯਾਦਵ (ਆਰਜੇਡੀ)
ਡੀ ਰਾਜਾ (ਸੀ ਪੀ ਆਈ) ਅਤੇ
ਸੀਤਾਰਾਮ ਯੇਚੁਰੀ (ਸੀਪੀਆਈ-ਐਮ) ਨੇ ਦਸਤਖਤ ਕੀਤੇ ਹਨ।
ਇਹ 9 ਸੁਝਾਅ 12 ਵੱਡੀਆਂ ਪਾਰਟੀਆਂ ਦੁਆਰਾ ਪੱਤਰ ਵਿੱਚ ਦਿੱਤੇ ਗਏ ਹਨ :-
1. ਘਰੇਲੂ ਤੌਰ ‘ਤੇ ਟੀਕੇ ਦਾ ਉਤਪਾਦਨ ਵਧਾਓ
ਨੇਤਾਵਾਂ ਨੇ ਪੱਤਰ ਵਿੱਚ ਲਿਖਿਆ ਹੈ ਕਿ ਘਰੇਲੂ ਟੀਕੇ ਦੇ ਉਤਪਾਦਨ ਨੂੰ ਉਤਸ਼ਾਹਤ ਕਰਨ ਲਈ ਲਾਜ਼ਮੀ ਲਾਇਸੈਂਸ ਦੀ ਪ੍ਰਣਾਲੀ ਖਤਮ ਕੀਤੀ ਜਾਵੇ।
2. ਲੋੜਵੰਦਾਂ ਨੂੰ ਅਨਾਜ ਦਿੱਤਾ ਜਾਵੇ
ਵਿਰੋਧੀ ਪਾਰਟੀਆਂ ਨੇ ਕਿਹਾ ਹੈ ਕਿ ਕੋਰੋਨਾ ਦੇ ਇਸ ਸੰਕਟ ਵਿਚ ਸਾਰੇ ਲੋੜਵੰਦਾਂ ਨੂੰ ਅਨਾਜ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਕੋਈ ਭੁੱਖਾ ਨਾ ਰਹੇ।
3. ਟੀਕੇ ਲਈ ਵਰਤੋ 35 ਹਜ਼ਾਰ ਕਰੋੜ ਰੁਪਏ
ਵਿਰੋਧੀ ਪਾਰਟੀਆਂ ਨੇ ਇਸ ਪੱਤਰ ਵਿੱਚ ਅੱਗੇ ਲਿਖਿਆ ਹੈ ਕਿ ਕੇਂਦਰ ਸਰਕਾਰ ਨੂੰ ਬਜਟ ਵਿੱਚ ਨਿਰਧਾਰਤ 35,000 ਕਰੋੜ ਦੀ ਵਰਤੋਂ ਟੀਕੇ ਬਣਾਉਣ ਲਈ ਕਰਨੀ ਚਾਹੀਦੀ ਹੈ।
4. ਸੈਂਟਰਲ ਵਿਸਟਾ ਪ੍ਰਾਜੈਕਟ ਨੂੰ ਰੋਕੋ
ਵਿਰੋਧੀਆਂ ਦੀ ਮੰਗ ਹੈ ਕਿ ਸੈਂਟਰਲ ਵਿਸਟਾ ਦਾ ਨਿਰਮਾਣ ਕਾਰਜ ਜਲਦੀ ਤੋਂ ਜਲਦੀ ਬੰਦ ਕਰ ਦੇਣਾ ਚਾਹੀਦਾ ਹੈ। ਇਸਦੀ ਜਗ੍ਹਾ, ਉਨ੍ਹਾਂ ਨੂੰ ਨਿਰਧਾਰਤ ਕੀਤੀ ਗਈ ਰਕਮ ਆਕਸੀਜਨ ਅਤੇ ਟੀਕੇ ਦੀ ਖਰੀਦ ਲਈ ਖਰਚ ਕਰਨ ਦੀ ਜ਼ਰੂਰਤ ਹੈ।
5. ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰੋ
ਵਿਰੋਧੀ ਪਾਰਟੀਆਂ ਨੇ ਪੱਤਰ ਵਿੱਚ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ ਤਾਂ ਜੋ ਲੱਖਾਂ ਕਿਸਾਨਾਂ ਨੂੰ ਮਹਾਂਮਾਰੀ ਤੋਂ ਬਚਾਇਆ ਜਾ ਸਕੇ।
6. ਸਾਰੇ ਬੇਰੁਜ਼ਗਾਰਾਂ ਨੂੰ ਦਿਓ 6 ਹਜ਼ਾਰ ਰੁਪਏ ਪ੍ਰਤੀ ਮਹੀਨਾ
ਵਿਰੋਧੀਆਂ ਦੀ ਮੰਗ ਹੈ ਕਿ ਸਾਰੇ ਬੇਰੁਜ਼ਗਾਰਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿਓ ਤਾਂ ਜੋ ਉਹ ਇਸ ਮਹਾਂਮਾਰੀ ਵਿੱਚ ਆਪਣੀ ਜ਼ਿੰਦਗੀ ਜੀ ਸਕਣ ।
7. ਦੇਸ਼ ਭਰ ਵਿੱਚ ਤੁਰੰਤ ਚਲਾਓ, ਸਰਵ ਵਿਆਪੀ ਟੀਕਾਕਰਨ ਪ੍ਰੋਗਰਾਮ
ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਦੀ ਤਰਫੋਂ ਦੇਸ਼ ਭਰ ਵਿੱਚ ਇੱਕ ਮੁਫਤ ਸਰਵ ਵਿਆਪੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਦੇਸ਼ ਦੇ ਸਾਰੇ ਯੋਗ ਨਾਗਰਿਕਾਂ ਨੂੰ ਇਹ ਟੀਕਾ ਮੁਫਤ ਵਿੱਚ ਮਿਲ ਸਕੇ।
8. ਪੀ.ਐੱਮ. ਕੇਅਰ ਅਤੇ ਨਿੱਜੀ ਫੰਡਾਂ ਦੀ ਵਰਤੋਂ
ਨੇਤਾਵਾਂ ਨੇ ਪੱਤਰ ਵਿੱਚ ਲਿਖਿਆ ਕਿ ਪ੍ਰਧਾਨ ਮੰਤਰੀ ਕੇਅਰ ਵਰਗੇ ਫੰਡ ਅਤੇ ਸਾਰੇ ਨਿੱਜੀ ਫੰਡਾਂ ਵਿੱਚ ਜਮ੍ਹਾ ਪੈਸਾ ਆਕਸੀਜਨ ਅਤੇ ਡਾਕਟਰੀ ਉਪਕਰਣਾਂ ਦੀ ਖਰੀਦ ਲਈ ਵਰਤਿਆ ਜਾਣਾ ਚਾਹੀਦਾ ਹੈ।
9. ਟੀਕੇ ਦੀ ਉਪਲਬਧਤਾ ਯਕੀਨੀ ਬਣਾਓ
ਸਾਰੇ ਨੇਤਾਵਾਂ ਨੇ ਪੱਤਰ ਵਿੱਚ ਲਿਖਿਆ ਕਿ ਜਿੱਥੇ ਵੀ ਸੰਭਵ ਹੋ ਸਕੇ ਟੀਕੇ ਦੀ ਉਪਲਬਧਤਾ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ ਭਾਵੇਂ ਇਹ ਘਰੇਲੂ ਬਜ਼ਾਰ ਤੋਂ ਹੋਵੇ ਜਾਂ ਵਿਦੇਸ਼ ਵਿੱਚ।