ਨਹੀਂ ਰਹੇ 114 ਸਾਲਾ ਦੇ ਐਥਲੀਟ ਫ਼ੌਜਾ ਸਿੰਘ

Global Team
4 Min Read

ਜਲੰਧਰ: ਭਾਰਤ ਦੇ ਮਸ਼ਹੂਰ ਦੌੜਾਕ ਅਤੇ 114 ਸਾਲਾ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਜਲੰਧਰ ਵਿੱਚ ਇੱਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਹੈ। ਇਸ ਦੀ ਪੁਸ਼ਟੀ ਲੇਖਕ ਖੁਸ਼ਵੰਤ ਸਿੰਘ ਨੇ ਕੀਤੀ ਹੈ। ਜਾਣਕਾਰੀ ਅਨੁਸਾਰ ਫੌਜਾ ਸਿੰਘ ਪੈਦਲ ਜਾ ਰਹੇ ਸਨ ਜਦੋਂ ਇੱਕ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਫੌਜਾ ਸਿੰਘ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿਖੇ ਫੌਜਾ ਸਿੰਘ ਨੇ ਆਖ਼ਰੀ ਸਾਹ ਲਏ।

ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਖੁਸ਼ਵੰਤ ਸਿੰਘ ਨੇ ਲਿਖਿਆ- “ਮੇਰਾ ‘ਪਗੜੀ ਵਾਲਾ ਟੋਰਨਾਡੋ’ ਹੁਣ ਨਹੀਂ ਰਿਹਾ। ਬਹੁਤ ਦੁੱਖ ਨਾਲ ਮੈਂ ਤੁਹਾਨੂੰ ਫੌਜਾ ਸਿੰਘ ਦੇ ਦੇਹਾਂਤ ਬਾਰੇ ਸੂਚਿਤ ਕਰ ਰਿਹਾ ਹਾਂ । ਉਨ੍ਹਾਂ ਦਸਿਆ ਕਿ  ਜਦੋਂ ਉਹ ਆਪਣੇ ਪਿੰਡ ਬਿਆਸ ਵਿੱਚ ਸੜਕ ਪਾਰ ਕਰ ਰਹੇ ਸਨ ਤਾਂ ਇੱਕ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਮੇਰੇ ਪਿਆਰੇ ਫੌਜਾ, ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।”

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਲਿਖਿਆ- “ਇੱਕ ਮਹਾਨ ਮੈਰਾਥਨ ਦੌੜਾਕ ਅਤੇ ਦ੍ਰਿੜਤਾ ਦੇ ਪ੍ਰਤੀਕ ਸਰਦਾਰ ਫੌਜਾ ਸਿੰਘ ਜੀ ਦੇ ਦੇਹਾਂਤ ‘ਤੇ ਬਹੁਤ ਦੁੱਖ ਹੋਇਆ। 114 ਸਾਲ ਦੀ ਉਮਰ ਵਿੱਚ, ਉਹ ਬੇਮਿਸਾਲ ਉਤਸ਼ਾਹ ਨਾਲ ‘ਨਸ਼ਾ ਮੁਕਤ – ਰੰਗਲਾ ਪੰਜਾਬ’ ਮਾਰਚ ਵਿੱਚ ਮੇਰੇ ਨਾਲ ਸ਼ਾਮਲ ਹੋਏ ਸੀ।” ਉਨ੍ਹਾਂ ਦੀ ਵਿਰਾਸਤ ਨਸ਼ਾ ਮੁਕਤ ਪੰਜਾਬ ਲਈ ਪ੍ਰੇਰਨਾ ਬਣੀ ਰਹੇਗੀ। ਓਮ ਸ਼ਾਂਤੀ ਓਮ।”

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੈਰਾਥਨ ਦੌੜਾਕ ਫੌਜਾ ਸਿੰਘ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ- “ਮਹਾਨ ਮੈਰਾਥਨ ਦੌੜਾਕ ਫੌਜਾ ਸਿੰਘ ਜੀ ਦੀ 114 ਸਾਲ ਦੀ ਉਮਰ ਵਿੱਚ ਇੱਕ ਦੁਖਦਾਈ ਸੜਕ ਹਾਦਸੇ ਵਿੱਚ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ।” ਉਨ੍ਹਾਂ ਦਾ ਅਸਾਧਾਰਨ ਜੀਵਨ ਅਤੇ ਅਡੋਲ ਹਿੰਮਤ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।

ਫੌਜਾ ਸਿੰਘ ਦੇ ਨਾਂ ਹਨ ਇਹ ਵਿਸ਼ਵ ਰਿਕਾਰਡ

ਫੌਜਾ ਸਿੰਘ ਨੇ 2000 ਵਿਚ 89 ਸਾਲ ਦੀ ਉਮਰ ’ਚ ਲੰਡਨ ਮੈਰਾਥਨ ਤੋਂ ਦੌੜਨ ਦੀ ਸ਼ੁਰੂਆਤ ਕੀਤੀ। 2003 ’ਚ 92 ਸਾਲ ਦੀ ਉਮਰ ’ਚ ਉਨ੍ਹਾਂ ਨੇ 90 ਸਾਲਾਂ ਤੋਂ ਉਪਰ ਬਾਬਿਆਂ ਦੀ ਦੌੜ ’ਚ ਹਿੱਸਾ ਲਿਆ ਅਤੇ 5 ਘੰਟੇ 40 ਮਿੰਟਾਂ ਦਾ ਵਿਸ਼ਵ ਰਿਕਾਰਡ ਬਣਾਇਆ। ਇਸ ਤੋਂ ਬਾਅਦ 2003 ’ਚ ਲੰਡਨ ਮੈਰਾਥਨ ਉਨ੍ਹਾਂ ਨੇ 6 ਘੰਟੇ 2 ਮਿੰਟ ’ਚ ਪੂਰੀ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਮੈਰਾਥਨਜ਼ ’ਚ ਹਿੱਸਾ ਲੈਣਾ ਜਾਰੀ ਰੱਖਿਆ ਅਤੇ 2012 ਤਕ ਉਨ੍ਹਾਂ ਨੇ 6 ਲੰਡਨ ਮੈਰਾਥਨਜ਼ ਹਿੱਸਾ ਲਿਆ। ਦੋ ਕੈਨੇਡੀਆਈ ਮੈਰਾਥਨਜ਼, ਨਿਊਯਾਰਕ ਮੈਰਾਥਨਜ਼ ਅਤੇ ਅਨੇਕਾਂ ਹਾਫ ਮੈਰਾਥਨਜ਼ ’ਚ ਹਿੱਸਾ ਲਿਆ। ਉਨ੍ਹਾਂ ਦੀਆਂ ਮੈਰਾਥਨਜ਼ ਦੇ ਖੇਤਰ ’ਚ ਪ੍ਰਾਪਤੀਆਂ ਦੀ ਬਦੌਲਤ 13 ਨਵੰਬਰ 2003 ਨੂੰ ਅਮਰੀਕਾ ਦੇ ਗਰੁੱਪ ਨੈਸ਼ਨਲ ਐਥਨਿਕ ਕੋਲੇਸ਼ਨ ਨੇ ‘ਏਲਿਸ ਆਈਲੈਂਡ ਮੈਡਲ ਆਫ ਆਨਰ’ਨਾਲ ਸਨਮਾਨਿਤ ਕੀਤਾ। ਇਸ ਗਰੁੱਪ ਦੇ ਚੇਅਰਮੈਨ ਵਿਲੀਅਮ ਫੁਗਾਜ਼ੀ ਨੇ ਕਿਹਾ ਕਿ ਸਿੰਘ ਨਸਲੀ ਸਹਿਣਸ਼ੀਲਤਾ ਦਾ ਪ੍ਰਤੀਕ ਹੈ ਅਤੇ ਉਸ ਦਾ ਦੌੜਨਾ 11 ਸਤੰਬਰ ਨੂੰ ਹੋਏ ਅੱਤਵਾਦੀ ਪਾੜੇ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ। ਉਹ ਸਭ ਤੋਂ ਵੱਡੀ ਪ੍ਰੇਰਣਾ ਹੈ। ਇਸ ਤੋਂ ਬਾਅਦ ਯੂ. ਕੇ. ਆਧਾਰਿਤ ਇਕ ਸੰਗਠਨ ਵਲੋਂ ਉਨ੍ਹਾਂ ਨੂੰ ‘ਪ੍ਰਾਈਡ ਆਫ ਇੰਡੀਆ’ਦਾ ਖਿਤਾਬ ਵੀ ਦਿੱਤਾ ਗਿਆ।

ਵਿਸ਼ਵ ਦੇ ਪਹਿਲੇ 100 ਸਾਲਾ ਦੌੜਾਕ

16 ਅਕਤੂਬਰ 2011 ਨੂੰ ਟੋਰਾਂਟੋ ਮੈਰਾਥਨ 8 ਘੰਟੇ 11 ਮਿੰਟ ਅਤੇ 6 ਸਕਿੰਟ ’ਚ ਪੂਰੀ ਕਰ ਕੇ ਉਹ ਵਿਸ਼ਵ ਦੇ ਪਹਿਲੇ 100 ਸਾਲਾ ਬਜ਼ੁਰਗ ਦੌੜਾਕ ਬਣੇ ਪਰ ਗਿੰਨੀਜ਼ ਵਰਲਡ ਰਿਕਾਰਡਜ਼ ਨੇ ਇਸ ਰਿਕਾਰਡ ਨੂੰ ਮਾਨਤਾ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਕੋਲ ਜਨਮ ਸਰਟੀਫਿਕੇਟ ਨਹੀਂ ਸੀ ਪਰ ਬਾਅਦ ’ਚ ਉਨ੍ਹਾਂ ਨੇ ਆਪਣਾ ਬ੍ਰਿਟਿਸ਼ ਪਾਸਪੋਰਟ ਅਤੇ ਮਹਾਰਾਣੀ ਐਲਿਜ਼ਬੇਥ ਵਲੋਂ 100ਵੇਂ ਜਨਮ ਦਿਨ ’ਤੇ ਭੇਜੀ ਚਿੱਠੀ ਦਿਖਾਈ, ਜਿਸ ਤੋਂ ਬਾਅਦ ਉਨ੍ਹਾਂ ਦਾ ਨਾਂ ਗਿੰਨੀਜ਼ ਵਰਲਡ ਰਿਕਾਰਡਜ਼ ’ਚ ਦਰਜ ਹੋਇਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।
Share This Article
Leave a Comment