ਜਗਤਾਰ ਸਿੰਘ ਸਿੱਧੂ;
ਕਿਸਾਨਾ ਦੇ 111 ਮੈਂਬਰੀ ਜਥੇ ਨੇ ਖਨੌਰੀ ਬਾਰਡਰ ਉੱਤੇ ਹਰਿਆਣਾ ਵਾਲੇ ਪਾਸੇ ਕਿਸਾਨੀ ਮੰਗਾਂ ਦੀ ਹਮਾਇਤ ਵਿੱਚ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਕਿਸਾਨ ਅੰਦੋਲਨ ਇਕ ਨਵੇਂ ਦੌਰ ਵਿੱਚ ਦਾਖਲ ਹੋ ਗਿਆ ਹੈ ।ਇਸ ਤੋਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 51ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ ਅਤੇ ਉਨਾਂ ਦੀ ਸਿਹਤ ਬਹੁਤ ਚਿੰਤਾਜਨਕ ਬਣੀ ਹੋਈ ਹੈ। ਇਸ ਤਰ੍ਹਾਂ ਖਨੌਰੀ ਬਾਰਡਰ ਉਪਰ ਹੁਣ ਡੱਲੇਵਾਲ ਸਮੇਤ 112 ਕਿਸਾਨਾਂ ਦਾ ਮਰਨ ਵਰਤ ਚੱਲ ਰਿਹਾ ਹੈ। ਕੇਂਦਰ ਸਰਕਾਰ ਨੇ ਬੇਸ਼ੱਕ ਅਜੇ ਤੱਕ ਕਿਸਾਨਾਂ ਨਾਲ ਕਿਸਾਨੀ ਮੰਗਾਂ ਉੱਪਰ ਗੱਲਬਾਤ ਸ਼ੁਰੂ ਨਹੀਂ ਕੀਤੀ ਪਰ ਇਹ ਮਰਨ ਵਰਤ ਕੇਂਦਰ ਸਰਕਾਰ ਲਈ ਵੱਡੀ ਚਿਤਾਵਨੀ ਹੈ। ਮਰਨ ਵਰਤ ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਮਰਨ ਵਰਤ ਜਾਰੀ ਰਹੇਗਾ। ਪਿਛਲੀ ਤੇਰਾਂ ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਉਤੇ ਕਿਸਾਨ ਮੰਗਾਂ ਨੂੰ ਲੈ ਕੇ ਅੰਦੋਲਨ ਚੱਲ ਰਿਹਾ ਹੈ।
ਅੰਦੋਲਨ ਦੀ ਅਗਵਾਈ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਕਰ ਰਹੇ ਹਨ। ਹਾਲਾਂਕਿ ਕਿ ਸੁਪਰੀਮ ਕੋਰਟ ਅਤੇ ਕੇਂਦਰ ਸਰਕਾਰ ਲਗਾਤਾਰ ਆਖ ਰਹੇ ਹਨ ਕਿ ਡੱਲੇਵਾਲ ਦੀ ਸਿਹਤ ਦੀ ਚਿੰਤਾ ਹੈ ਪਰ ਮਸਲੇ ਦੇ ਹੱਲ ਲਈ ਕੋਈ ਕਾਰਵਾਈ ਨਹੀਂ ਹੋਈ ਹੈ। ਸੁਪਰੀਮ ਕੋਰਟ ਵਲੋਂ ਬਣੀ ਮਾਹਿਰਾਂ ਦੀ ਕਮੇਟੀ ਵੀ ਉਮੀਦ ਹੈ ਕਿ ਅਗਲੇ ਕੁਝ ਦਿਨਾਂ ਤੱਕ ਆਪਣੀ ਪਹਿਲੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਦੇਵੇਗੀ।
ਇਸ ਬਾਰੇ ਕੋਈ ਦੋ ਰਾਇ ਨਹੀਂ ਹੈ ਕਿ ਅੱਜ ਦੇ 111 ਮੈਂਬਰੀ ਜਥੇ ਦੇ ਮਰਨ ਵਰਤ ਸ਼ੁਰੂ ਕਰਨ ਨਾਲ ਕਿਸਾਨ ਮੋਰਚੇ ਨੂੰ ਤਕੜਾ ਬਲ ਮਿਲਿਆ ਹੈ ਪਰ ਸੰਯੁਕਤ ਕਿਸਾਨ ਮੋਰਚੇ ਦੇ ਦੋਹਾਂ ਧੜਿਆਂ ਦੇ ਆਗੂਆਂ ਦੇ ਏਕੇ ਬਾਰੇ ਸਹਿਮਤੀ ਦੇਣ ਨਾਲ ਕਿਸਾਨਾਂ ਦੇ ਸੰਘਰਸ਼ ਨੂੰ ਨਵੀਂ ਸੇਧ ਦਿੱਤੀ ਹੈ । ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਪੁਰਾਣੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪਿਛਲੇ ਦਿਨੀ ਮੀਟਿੰਗਾਂ ਕਰਕੇ ਇਹ ਸੁਨੇਹਾ ਤਾਂ ਦਿੱਤਾ ਹੈ ਕਿ ਕਿਸਾਨੀ ਮੰਗਾਂ ਸਾਂਝੀਆਂ ਹਨ ਅਤੇ ਕੇਂਦਰ ਵਿਰੁੱਧ ਲੜਾਈ ਵੀ ਸਾਂਝੀ ਹੈ ਤਾਂ ਵੱਡੇ ਹਿੱਤਾਂ ਲਈ ਆਪਸੀ ਵਿਖਰੇਵੇਂ ਪਾਸੇ ਰੱਖ ਕੇ ਸੰਘਰਸ਼ ਕੀਤਾ ਜਾਵੇਗਾ। ਹੁਣ 18 ਜਨਵਰੀ ਨੂੰ ਮੁੜ ਸਾਂਝੀ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਸਾਂਝਾ ਅੰਦੋਲਨ ਚਲਾਉਣ ਲਈ ਵਿਸਥਾਰ ਵਿੱਚ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
ਸੰਪਰਕ 9814002186