ਕਰਾਚੀ : ਦੁਨੀਆ ’ਚ ਜਿੱਥੇ ਵਿਸ਼ਵ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਪਾਕਿਸਾਤਨ ’ਚ ਦਿਲ ਕੰਬਾਊ ਘਟਨਾ ਵਾਪਰੀ ਹੈ। ਪਾਕਿਸਤਾਨ ਦੇ ਸਿੰਧ ਸੂਬੇ ’ਚ 11 ਸਾਲ ਦੇ ਇਕ ਹਿੰਦੂ ਬੱਚੇ ਨਾਲ ਬਦਫੈਲੀ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ।
ਐਕਸਪ੍ਰੈੱਸ ਟ੍ਰਿਬਿਊਨ ਅਖ਼ਬਾਰ ਮੁਤਾਬਕ ਬੱਚੇ ਦੀ ਲਾਸ਼ ਸ਼ਨਿਚਰਵਾਰ ਨੂੰ ਖੈਰਪੁਰ ਮੀਰ ਦੇ ਬਾਬਰਲੋਈ ’ਚ ਮਿਲੀ।
ਪਰਿਵਾਰ ਦੇ ਮੈਂਬਰ ਮੁਤਾਬਕ ਕਾਨਾ ਸਚਦੇਵ ਸ਼ੁੱਕਰਵਾਰ ਸ਼ਾਮ ਤੋਂ ਲਾਪਤਾ ਸੀ ਤੇ ਬਾਅਦ ’ਚ ਉਸ ਦੀ ਲਾਸ਼ ਇਕ ਸੁੰਨਸਾਨ ਘਰ ’ਚ ਮਿਲੀ। ਬਾਬਰਲੋਈ ਥਾਣੇ ’ਚ ਸਥਿਤ ਇਸ ਮਕਾਨ ’ਚ ਹੁਣ ਕੋਈ ਨਹੀਂ ਰਹਿੰਦਾ। ਬੱਚੇ ਦੇ ਰਿਸ਼ਤੇਦਾਰ ਰਾਜ ਕੁਮਾਰ ਨੇ ਦੱਸਿਆ ਕਿ ਪੂੁਰਾ ਪਰਿਵਾਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਚ ਰੁੱਝਾ ਹੋਇਆ ਸੀ। ਸਾਨੂੰ ਨਹੀਂ ਪਤਾ ਕਿ ਬੱਚਾ ਕਿਵੇਂ ਲਾਪਤਾ ਹੋ ਗਿਆ। 11 ਵਜੇ ਰਾਤ ਨੂੰ ਉਸ ਦੀ ਲਾਸ਼ ਮਿਲੀ। ਉਹ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ।
ਕੁਮਾਰ ਨੇ ਕਿਹਾ ਕਿ ਪੁਲਿਸ ਤੇ ਬਾਲ ਸੰਭਾਲ ਅਥਾਰਟੀ ਦੇ ਸਥਾਨਕ ਨੁਮਾਇੰਦਿਆਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਕੁਰ ਪਹੁੰਚਾਇਆ।
ਬਾਬਰਲੋਈ ਥਾਣੇ ਦੇ ਐੱਸਐੱਚਓ ਨੇ ਕਿਹਾ ਕਿ ਅਪਰਾਧੀਆਂ ਨੇ ਬਦਫੈਲੀ ਕਰਨ ਤੋਂ ਪਹਿਲਾਂ ਬੱਚੇ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਅਸੀਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ’ਚੋਂ ਇਕ ਨੇ ਆਪਣਾ ਅਪਰਾਧ ਕਬੂਲ ਲਿਆ ਹੈ।
ਬਾਲ ਸੰਭਾਲ ਅਥਾਰਟੀ ਸੁਕੁਰ ਦੇ ਜੁਬੈਰ ਮਹਾਰ ਨੇ ਕਿਹਾ ਕਿ ਨਾਬਾਲਿਗ ਬੱਚੇ ਦੇ ਸਰੀਰ ’ਤੇ ਜਿਨਸੀ ਸੋਸ਼ਣ ਦੇ ਨਿਸ਼ਾਨ ਵੀ ਮਿਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਇਹ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ। ਕੁਝ ਦਿਨ ਪਹਿਲਾਂ ਇਸੇ ਜ਼ਿਲ੍ਹੇ ਦੇ ਸਾਲੇਹ ਪਾਟ ’ਚ ਹਿੰਦੂ ਭਾਈਚਾਰੇ ਦੀ ਇਕ ਨਾਬਾਲਿਗ ਲੜਕੀ ਲਾਪਤਾ ਹੋ ਗਈ ਸੀ। ਪੁਲਿਸ ਨੇ ਇਤਲਾਹ ਦੇਣ ਵਾਲੇ ਨੂੰ 2.5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ ਪਰ ਕੋਈ ਨਤੀਜਾ ਨਹੀਂ ਨਿਕਲਿਆ।