ਮੁਜ਼ੱਫਰਪੁਰ : ਬਿਹਾਰ ਦੇ ਜ਼ਿਲ੍ਹਾ ਮੁਜ਼ੱਫ਼ਰਪੁਰ ‘ਚ ਸ਼ਨੀਵਾਰ ਸਵੇਰੇ ਇੱਕ ਟਰੈਕਟਰ-ਸਕਾਰਪੀਓ ਦੀ ਭਿਆਨਕ ਟੱਕਰ ‘ਚ 11 ਲੋਕਾਂ ਦੀ ਮੌਤ ਤੇ 4 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਹਾਦਸਾ ਕਾਂਟੀ ਥਾਣਾ ਇਲਾਕੇ ਦੇ ਪਿੰਡ ਸਰਮਸਪੁਰ ਦੇ ਨਜ਼ਦੀਕ ਨੈਸ਼ਨਲ ਹਾਈਵੇਅ–28 ’ਤੇ ਵਾਪਰਿਆ। ਹਾਦਸੇ ਕਾਰਨ ਨੈਸ਼ਨਲ ਹਾਈਵੇ-28 ‘ਤੇ ਵੱਡਾ ਜਾਮ ਲੱਗ ਗਿਆ।
ਉਕਤ ਘਟਨਾ ਦੀ ਸੂਚਨਾ ਮਿਲਣ ‘ਤੇ ਕਾਂਟੀ ਥਾਣਾ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਕਾਰ ‘ਚੋਂ ਬਾਹਰ ਕੱਢਿਆ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਸਥਾਨਕ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ। ਹਾਲਾਂਕਿ ਅਜੇ ਤੱਕ ਮ੍ਰਿਤਕਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ।
ਪੁਲਿਸ ਨੇ ਦੱਸਿਆ ਕਿ ਸਕਾਰਪੀਓ ਵਿੱਚ 14 ਲੋਕ ਸਵਾਰ ਸਨ, ਜੋ ਮਜ਼ਦੂਰ ਵਰਗ ਨਾਲ ਸਬੰਧਤ ਦੱਸੇ ਜਾ ਰਹੇ ਹਨ। ਹਾਦਸਾਗ੍ਰਸਤ ਸਕਾਰਪੀਓ ਕਾਰ ਨੰਬਰ UP51-Z-4954 ਉੱਤਰਪ੍ਰੇਦਸ਼ ਦੀ ਹੈ। ਕਾਂਟੀ ਥਾਣੇ ਦੇ ਸੀਓ (CO) ਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਉਕਤ ਹਾਦਸੇ ਦੀ ਸੂਚਨਾ ਸ਼ਨੀਵਾਰ ਸਵੇਰੇ 5 ਵਜੇ ਦੇ ਕਰੀਬ ਮਿਲੀ। ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।