ਨਿਊਯਾਰਕ: ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ 10ਵਾਂ ਮਹਾਨ ਨਗਰ ਕੀਰਤਨ ਬਹੁਤ ਸ਼ਰਧਾ ਭਾਵਨਾ ਨਾਲ ਕੱਢਿਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਦੀ ਮੈਨੇਜਮੈਂਟ ਕਮੇਟੀ ਵੱਲੋਂ ਸੰਗਤਾਂ ਅਤੇ ਸਮੂਹ ਪੰਥਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਕੱਢਿਆ ਗਿਆ। ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਇਸ ਨਗਰ ਕੀਰਤਨ ਦੌਰਾਨ ਪੂਰਾ ਰਿਚਮੰਡ ਹਿੱਲ ਖਾਲਸਾਈ ਰੰਗ ਵਿੱਚ ਰੰਗਿਆ ਹੋਇਆ ਦਿਖਾਈ ਦਿੱਤਾ। ਇਹੀ ਨਹੀਂ ਰਿਚਮੰਡ ਹਿੱਲ ਦੀਆਂ ਗਲੀਆਂ ‘ਚ ਜਿੱਥੋਂ ਤੱਕ ਵੀ ਨਜ਼ਰ ਜਾਂਦੀ ਸੀ ਹਰ ਪਾਸੇ ਕੇਸਰੀ ਦਸਤਾਰਾਂ ਤੇ ਕੇਸਰੀ ਚੁੰਨੀਆਂ ਨਜ਼ਰ ਆਉਦੀਆਂ ਸਨ ਤੇ ਹਰ ਕੋਈ ਇਸ ਪਾਵਨ ਮਾਹੌਲ ਦਾ ਹਿੱਸਾ ਬਣਿਆ ਹੋਇਆ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੇ ਪਾਵਨ ਅਵਸਰ ‘ਤੇ ਕੱਢੇ ਇਸ ਨਗਰ ਕੀਰਤਨ ਵਿੱਚ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਵੀ ਜੌਹਰ ਦਿਖਾਏ ਗਏ। ਇਸ ਤੋਂ ਇਲਾਵਾ ਇਸ ਨਗਰ ਕੀਰਤਨ ਦੌਰਾਨ ਪੰਜਾਬੀਅਤ ਤੇ ਸਿੱਖੀ ਨਾਲ ਜੁੜੀਆਂ ਹੋਰ ਰਿਵਾਇਤਾਂ ਤੋਂ ਵੀ ਜਾਣੂ ਕਰਵਾਇਆ ਗਿਆ। ਉੱਥੇ ਹੀ ਇਸ ਨਗਰ ਕੀਰਤਨ ਵਿੱਚ ਆਪਣੀ ਹਾਜ਼ਰੀ ਲਗਵਾਉਣ ਆਈ ਸੰਗਤ ਲਈ ਲੰਗਰ ਦੇ ਵੱਖ-ਵੱਖ ਸਟਾਲ ਵੀ ਲਗਾਏ ਗਏ ਸਨ।
ਵੈਸੇ ਤਾਂ ਹਰ ਸਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਮੋਕੇ ਨਗਰ ਕੀਰਤਨ ਬੜੀ ਹੀ ਸ਼ਰਧਾ ਭਾਵਨਾ ਨਾਲ ਕੱਢੇ ਜਾਂਦੇ ਹਨ, ਪਰ ਪਿਛਲੇ ਸਾਲ ਕੋਵਿਡ ਕਰਕੇ ਇਸ ਨਗਰ ਕੀਰਤਨ ਦਾ ਆਯੋਜਨ ਨਹੀਂ ਹੋ ਸਕਿਆ ਸੀ ਤਾਂ ਇਸ ਬਾਰ ਕੱਢੇ ਗਏ ਨਗਰ ਕੀਰਤਨ ਵਿੱਚ ਸੰਗਤਾਂ ਨੇ ਵੱਧ ਚੜ੍ਹਕੇ ਆਪਣੀ ਹਾਜ਼ਰੀ ਲਗਵਾਈ।
ਸਿੱਖ ਧਰਮ ਨੇ ਹਮੇਸ਼ਾ ਹੀ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਹੈ। ਨਗਰ ਕੀਰਤਨਾਂ ਰਾਹੀਂ ਜਿੱਥੇ ਸਿੱਖ ਧਰਮ ਦੀ ਮਹਾਨ ਵਿਰਾਸਤ ਦਾ ਪਤਾ ਲੱਗਦਾ ਹੈ ਉੱਥੇ ਹੀ ਸਿੱਖੀ ਦੇ ਮਹਾਨ ਸਿਧਾਂਤਾਂ ਦਾ ਵੀ ਪ੍ਰਚਾਰ ਤੇ ਪ੍ਰਸਾਰ ਹੁੰਦਾ ਹੈ। ਨਗਰ ਕੀਰਤਨ ਦੀ ਇਸ ਪਾਵਨ ਰੀਤ ਰਾਹੀਂ ਸਮਾਜ ਦੇ ਬਾਕੀ ਵਰਗਾਂ ਨੂੰ ਵੀ ਪੰਜਾਬੀ ਕਮਿਊਨਿਟੀ ਖਾਸ ਕਰਕੇ ਸਿੱਖਾਂ ਦੇ ਮਹਾਨ ਵਿਰਸੇ ਦਾ ਪਤਾ ਲੱਗਦਾ ਹੈ ਕਿ ਸਿੱਖ ਕਮਿਊਨਿਟੀ ਕੌਣ ਹੈ ਤੇ ਕਿਥੋਂ ਆਈ ਹੈ ਇਸ ਦੇ ਨਾਲ-ਨਾਲ ਇਹ ਸੁਨੇਹਾ ਵੀ ਪੂਰੀ ਦੁਨੀਆਂ ਵਿੱਚ ਜਾਂਦਾ ਹੈ ਕਿ ਪੰਜਾਬੀ ਆਪਣੇ ਪਾਵਨ ਦਿਹਾੜੇ ਪੂਰੀ ਅਖੰਡਤਾ ਤੇ ਏਕਤਾ ਨਾਲ ਰਲ ਮਿਲ ਕੇ ਮਨਾਉਂਦੇ ਹਨ। ਇਸ ਹਵਾਲੇ ਨਾਲ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਵਲੋਂ ਕੱਢੇ ਗਏ ਇਸ ਨਗਰ ਕੀਰਤਨ ਲਈ ਸਮੂਹ ਪ੍ਰਬੰਧਕ ਕਮੇਟੀ ਤੇ ਸੰਗਤ ਵਧਾਈ ਦੀ ਪਾਤਰ ਹੈ।