ਅੰਮ੍ਰਿਤਸਰ/ਅਟਾਰੀ : ਪਾਕਿਸਤਾਨ ‘ਚ ਵਿਸਾਖੀ ਮਨਾਉਣ ਦੇ ਲਈ ਗਏ ਸਿੱਖ ਸ਼ਰਧਾਲੂ ਭਾਰਤ ਵਾਪਸ ਪਰਤ ਆਏ ਹਨ। ਇਸ ਦੌਰਾਨ ਉਨ੍ਹਾਂ ਦਾ ਅਟਾਰੀ ਸਰਹੱਦ ‘ਤੇ ਕੋਰੋਨਾ ਟੈਸਟ ਕੀਤਾ ਗਿਆ। ਇਸ ਜਾਂਚ ਰਿਪੋਰਟ ਵਿੱਚ 100 ਦੇ ਕਰੀਬ ਸਿੱਖ ਯਾਤਰੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਸ਼ਰਧਾਲੂਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਸਿਸਟੈਂਟ ਸਿਵਲ ਸਰਜਨ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ 303 ਸ਼ਰਧਾਲੂਆਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 98 ਸਿੱਖ ਯਾਤਰੀਆਂ ਦੀ ਰਿਪੋਰਟ ਕੋਰੋਨਾ ਵਾਇਰਸ ਨਾਲ ਪਾਜ਼ਿਟਿਵ ਪਾਈ ਗਈ ਹੈ।
ਇਸ ਤੋਂ ਇਲਾਵਾ ਅਸਿਸਟੈਂਟ ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਹੜੇ ਸ਼ਰਧਾਲੂ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ, ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਸ਼ਰਧਾਲੂਆਂ ਦਾ ਕੋਰੋਨਾ ਟੈਸਟ ਅਟਾਰੀ ਵਾਹਗਾ ਜੁਆਇੰਟ ਚੈੱਕ ਪੋਸਟ ਤੇ ਕੀਤਾ ਗਿਆ ਸੀ। ਪਾਕਿਸਤਾਨ ‘ਚ ਵਿਸਾਖੀ ਮਨਾਉਣ ਦੇ ਲਈ ਭਾਰਤ ਵੱਲੋਂ 816 ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਗਿਆ ਸੀ।