ਨਵਾਂਸ਼ਹਿਰ: ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਬੱਲੋਵਾਲ ਦੇ 10 ਸਾਲਾ ਬੱਚੇ ਦੀ ਮਿੱਟੀ ਨਾਲ ਲੱਦੀ ਟਰਾਲੀ ਹੇਠ ਆਉਣ ਕਾਰਨ ਮੋਤ ਹੋ ਗਈ। ਪਿਤਾ ਨੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਦੇਰ ਸ਼ਾਮ ਉਹ ਆਪਣੇ ਪੁੱਤਰ ਨਾਲ ਖਰਾਬ ਸਾਈਕਲ ਨੂੰ ਠੀਕ ਕਰਵਾ ਕੇ ਘਰ ਪਰਤ ਰਹੇ ਸਨ, ਕਿ ਪਿਛਲੇ ਪਾਸੇ ਤੋਂ ਆ ਰਹੀ ਇੱਕ ਮਿੱਟੀ ਨਾਲ ਭਰੀ ਤੇਜ਼ ਰਫਤਾਰ ਟਰਾਲੀ ਨੇ ਬੱਚੇ ਨੂੰ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਏਰੀਆ ਵਿੱਚ ਇੱਥੇ ਨਜਾਇਜ਼ ਤੌਰ ‘ਤੇ ਮਾਈਨਿੰਗ ਚਲ ਰਹੀ ਹੈ ਤੇ ਇਹ ਟਰੈਕਟਰ ਟਰਾਲੀ ਵੀ ਬਿਨ੍ਹਾਂ ਨੰਬਰ ਪਲੇਟ ਤੋਂ ਚੱਲ ਰਹੀ ਸੀ।
ਦੂਜੇ ਪਾਸੇ ਪੁਲਿਸ ਨੇ ਟਰੈਕਟਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ, ਜਦਕਿ ਟਰੈਕਟਰ ਟਰਾਲੀ ਨੂੰ ਕਬਜੇ ‘ਚ ਲੈ ਲਿਆ ਗਿਆ ਹੈ।
ਮ੍ਰਿਤਕ ਬੱਚੇ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਉਹ ਪੁਲਿਸ ਤੋਂ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਜ਼ਿਕਰਯੋਗ ਹੈ ਮ੍ਰਿਤਕ ਬੱਚੇ ਦਾ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਲੰਮੇ ਸਮੇਂ ਤੋਂ ਕੰਮ ਕਾਜ ਲਈ ਪੰਜਾਬ ਵਿੱਚ ਰਹਿ ਰਿਹਾ ਹੈ ਤੇ ਅਨਮੋਲ ਆਪਣੀਆਂ 6 ਭੈਣਾਂ ਦਾ ਇਕਲੌਤਾ ਭਰਾ ਸੀ।